ਮੋਗਾ, 26 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਸਰਕਾਰ ਵਲੋਂ ਸਮਾਜ ਵਿਰੋਧੀ ਅਨਸਰਾਂ ਤੇ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਅਜੇ ਗਾਂਧੀ ਤੇ ਉਪ ਕਪਤਾਨ ਪੁਲਿਸ ਨਿਹਾਲ ਸਿੰਘ ਵਾਲਾ ਅਨਵਰ ਅਲੀ ਵਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਪੂਰਨ ਸਿੰਘ ਧਾਲੀਵਾਲ ਮੁੱਖ ਅਫ਼ਸਰ ਥਾਣਾ ਨਿਹਾਲ ਸਿੰਘ ਵਾਲਾ ਦੀ ਨਿਗਰਾਨੀ ਹੇਠ ਵੱਡੀ ਕਾਰਵਾਈ ਕੀਤੀ ਗਈ | ਜਾਣਕਾਰੀ ਦਿੰਦਿਆਂ ਨਿਹਾਲ ਸਿੰਘ ਵਾਲਾ ਦੇ ਮੁੱਖ ਥਾਣਾ ਅਫ਼ਸਰ ਪੂਰਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਵਰਿੰਦਰ ਕੁਮਾਰ ਸਹਾਇਕ ਥਾਣੇਦਾਰ ਸਮੇਤ ਪੁਲਿਸ ਪਾਰਟੀ ਗਸ਼ਤ 'ਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ ਵਿਚ ਮੌਜੂਦ ਸੀ | ਜਦੋਂ ਪੁਲਿਸ ਪਾਰਟੀ ਪਿੰਡ ਬਿਲਾਸਪੁਰ ਬੱਸ ਅੱਡਾ ਨੇੜੇ ਪੁੱਜੀ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਇਕ ਸਵਿਫ਼ਟ ਕਾਰ ਨੰਬਰ ਪੀ.ਬੀ. 02 ਈ.ਟੀ. 3319 ਰੰਗ ਚਿੱਟਾ 'ਚ ਦੋ ਨੌਜਵਾਨ ਸਵਾਰ ਹਨ ਜੋ ਭਾਰੀ ਮਾਤਰਾ 'ਚ ਹੈਰੋਇਨ ਲੈ ਕੇ ਬੱਧਨੀ ਕਲਾਂ ਵਲੋਂ ਬਰਨਾਲਾ ਸਾਈਡ ਨੂੰ ਆ ਰਹੇ ਹਨ ਤੇ ਅੱਗੇ ਸਪਲਾਈ ਕਰਨ ਦੀ ਫ਼ਿਰਾਕ ਵਿਚ ਹਨ | ਉਨ੍ਹਾਂ ਦੱਸਿਆ ਕਿ ਇਸ ਇਤਲਾਹ ਦੇ ਆਧਾਰ 'ਤੇ ਪੁਲਿਸ ਵਲੋਂ ਬਿਲਾਸਪੁਰ ਪੁਲ ਦੇ ਹੇਠਾਂ ਨਾਕਾਬੰਦੀ ਕੀਤੀ | ਨਾਕਾਬੰਦੀ ਦੌਰਾਨ ਸਵਿਫ਼ਟ ਕਾਰ ਨੂੰ ਜਦੋਂ ਰੋਕ ਕੇ ਚੈੱਕ ਕੀਤਾ ਤਾਂ ਕਾਰ 'ਚ ਸਵਾਰ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਦੀ ਪਹਿਚਾਣ ਕੁਲਬੀਰ ਸਿੰਘ ਉਰਫ਼ ਬੋਹੜ ਵਾਸੀ ਮੱਖਣਪੁਰਾ, ਗੁਰਜਿੰਦਰ ਸਿੰਘ ਉਰਫ਼ ਗਿੰਦਰ ਵਾਸੀ ਪੰਡੋਰੀ ਜ਼ਿਲ੍ਹਾ ਸ੍ਰੀ ਅੰਮਿ੍ਤਸਰ ਵਜੋਂ ਹੋਈ | ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ਹੇਠੋਂ ਇਕ ਕਿੱਲੋ ਹੈਰੋਇਨ ਤੇ ਉਪਰੋਕਤ ਸਵਿਫ਼ਟ ਕਾਰ ਬਰਾਮਦ ਕੀਤੀ ਗਈ | ਥਾਣਾ ਇੰਚਾਰਜ ਪੂਰਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਸਬੰਧੀ ਵਿਚ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮੁਕੱਦਮਾ ਦਰਜ ਕਰਕੇ ਦੋਵਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਹੈਰੋਇਨ ਕਿੱਥੋਂ ਲਿਆਂਦੀ ਗਈ ਸੀ ਤੇ ਅੱਗੇ ਕਿੱਥੇ ਕਿੱਥੇ ਸਪਲਾਈ ਕੀਤੀ ਜਾਣੀ ਹੈ |