ਸੁਨਾਮ ਊਧਮ ਸਿੰਘ ਵਾਲਾ, 22 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸੁਨਾਮ ਇਲਾਕੇ 'ਚ ਡੇਂਗੂ ਅਤੇ ਚਿਕਨਗੁਨੀਆ ਜਿਹੀਆਂ ਬਿਮਾਰੀਆਂ ਕਾਰਨ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਬਣੇ ਡਰ ਦੇ ਮਾਹੌਲ ਦੇ ਮੱਦੇਨਜ਼ਰ ਗੱਲਬਾਤ ਕਰਦਿਆਂ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਸੁਨਾਮ ਦੇ ਇੰਚਾਰਜ ਵਿਨਰਜੀਤ ਸਿੰਘ ਖਡਿਆਲ ਨੇ ਕਿਹਾ ਕਿ ਬਿਮਾਰੀਆਂ ਦੇ ਇਸ ਪੱਧਰ 'ਤੇ ਫੈਲਣ ਵਿਚ ਜਿੱਥੇ ਇਸ ਵਾਰ ਲਗਾਤਾਰ ਪਿਆ ਭਾਰੀ ਮੀਂਹ ਹੈ ਉੱਥੇ ਹੀ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੀ ਅਣਗਹਿਲੀ ਵੀ ਜ਼ਿੰਮੇਵਾਰ ਹੈ | ਉਨ੍ਹਾਂ ਕਿਹਾ ਕਿ ਸੁਨਾਮ ਸ਼ਹਿਰ ਅਤੇ ਇਸ ਦਾ ਆਲਾ-ਦੁਆਲਾ ਮੁੱਖ ਮੰਤਰੀ ਪੰਜਾਬ ਦਾ ਆਪਣਾ ਇਲਾਕਾ ਹੈ ਅਤੇ ਸੁਨਾਮ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਸ਼ਹਿਰ ਵੀ ਹੈ | ਇੱਥੇ ਸਿਹਤ ਵਿਭਾਗ ਵਲੋਂ ਕਿਉਂ ਨਹੀ ਸਮਾਂ ਰਹਿੰਦਿਆਂ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਦੇ ਅਗਾਂਉ ਪ੍ਰਬੰਧ ਕੀਤੇ ਗਏ | ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਪਿਛਲੇ ਕੁਝ ਹਫ਼ਤਿਆਂ ਵਿਚ ਡੇਂਗੂ ਅਤੇ ਚਿਕਨਗੁਨੀਆ ਦੇ ਮਾਮਲੇ ਵਧੇ ਹਨ | ਜਿਸ ਕਾਰਨ ਹਸਪਤਾਲਾਂ ਵਿਚ ਭਰਤੀ ਹੋਣ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ | ਉਨ੍ਹਾਂ ਕਿਹਾ ਕਿ ਡੇਂਗੂ ਅਤੇ ਚਿਕਨਗੁਨੀਆ ਕਾਰਨ ਲੋਕ ਬੁਖ਼ਾਰ, ਸਰੀਰ ਵਿਚ ਦਰਦ, ਜੋੜਾਂ ਦੀ ਸੋਜ ਅਤੇ ਕਮਜ਼ੋਰੀ ਤੋਂ ਪੀੜਤ ਹਨ |
ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੀ ਅਣਗਹਿਲੀ ਕਾਰਨ ਫੈਲੀਆਂ ਬਿਮਾਰੀਆਂ - ਵਿਨਰਜੀਤ ਗੋਲਡੀ <br/>
ਅਜੀਤ ਡੈਸਕ
23-09-2025