ਲਹਿਰਾਗਾਗਾ, 22 ਸਤੰਬਰ (ਅਸ਼ੋਕ ਗਰਗ) - ਨਗਰ ਨਿਵਾਸੀਆਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਵੱਲ ਇਕ ਮਹੱਤਵਪੂਰਨ ਕਦਮ ਚੁੱਕਦਿਆਂ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਅੱਜ ਨਗਰ ਕੌਂਸਲ ਲਹਿਰਾਗਾਗਾ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ | ਇਹ ਨਵੀਂ ਇਮਾਰਤ ਪੁਰਾਣੇ ਦਫ਼ਤਰ ਵਾਲੀ ਥਾਂ 'ਤੇ ਹੀ ਤਿਆਰ ਕੀਤੀ ਜਾਵੇਗੀ, ਜੋ ਕਾਫੀ ਸਮੇਂ ਤੋਂ ਸ਼ਹਿਰ ਦੀਆਂ ਵਧਦੀਆਂ ਲੋੜਾਂ ਨੂੰ ਪੂਰਾ ਕਰਨ ਯੋਗ ਨਹੀਂ ਸੀ | ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਨਵਾਂ ਦਫ਼ਤਰ, ਜਿਸ ਉੱਤੇ ਲਗਭਗ 46 ਲੱਖ ਰੁਪਏ ਦੀ ਲਾਗਤ ਆਏਗੀ, ਵਿਚ ਆਧੁਨਿਕ ਸਹੂਲਤਾਂ ਹੋਣਗੀਆਂ ਤੇ ਇਹ ਪ੍ਰਾਜੈਕਟ ਬਹੁਤ ਜਲਦ ਮੁਕੰਮਲ ਹੋ ਜਾਵੇਗਾ, ਜਿਸ ਤੋਂ ਬਾਅਦ ਨਗਰ ਨਿਵਾਸੀਆਂ ਨੂੰ ਸਾਰੀਆਂ ਸਹੂਲਤਾਂ ਇੱਕ ਹੀ ਛੱਤ ਹੇਠ ਤੇਜ਼ ਤੇ ਪਾਰਦਰਸ਼ੀ ਤਰੀਕੇ ਨਾਲ ਮਿਲਣਗੀਆਂ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਕਰਦਿਆਂ ਕਰੀਬ 15 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਵਿਚੋਂ ਲੰਘਦੀ ਡਿਚ ਡਰੇਨ ਨੂੰ ਕਵਰ ਕੀਤਾ ਹੈ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ | ਇਸ ਤੋਂ ਇਲਾਵਾ ਸ਼ਹਿਰ ਵਾਸੀਆਂ ਦੀ ਮੰਗ ਦੇ ਮੱਦੇਨਜ਼ਰ ਕਰੀਬ 08 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਦੀਆਂ ਨਾਲੀਆਂ ਨੂੰ ਕਵਰ ਕਰਨ ਦਾ ਪ੍ਰੋਜੈਕਟ ਬਹੁਤ ਜਲਦ ਸ਼ੁਰੂ ਕੀਤਾ ਜਾਵੇਗਾ | ਸ਼੍ਰੀ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹਿਰੀ ਪ੍ਰਸ਼ਾਸਨ ਨੂੰ ਮਜ਼ਬੂਤ ਕਰਨ ਅਤੇ ਲੋਕ-ਹਿਤੈਸ਼ੀ ਢਾਂਚਾ ਮੁਹੱਈਆ ਕਰਵਾਉਣ ਵਾਸਤੇ ਵਚਨਬੱਧ ਹੈ | ਇਸ ਮੌਕੇ ਨਗਰ ਕੌਂਸਲ ਤੇ ਸ਼ਹਿਰ ਵਾਸੀਆਂ ਵੱਲੋਂ ਕੈਬਨਿਟ ਮੰਤਰੀ ਦਾ ਸਨਮਾਨ ਕੀਤਾ ਗਿਆ ਅਤੇ ਕੈਬਨਿਟ ਮੰਤਰੀ ਵੱਲੋਂ ਚੰਗੀ ਕਾਰਗੁਜ਼ਾਰੀ ਵਾਲੇ ਨਗਰ ਕੌਂਸਲ ਦੇ ਅਧਿਕਾਰੀ ਵੀ ਸਨਮਾਨਿਤ ਕੀਤੇ ਗਏ | ਸ਼ਹਿਰ ਵਿਚ ਪਾਣੀ ਦੀ ਦਿੱਕਤ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਕੈਬਨਿਟ ਮੰਤਰੀ ਨੇ ਕਿਹਾ ਕਿ ਮੇਨ ਲਾਈਨ ਤੋਂ ਘਰਾਂ ਵਿਚ ਜਾਂਦੇ ਕੁਨੈਕਸ਼ਨ ਪਾਈਪ ਖ਼ਰਾਬ ਹੋਣ ਕਰ ਕੇ ਉਨ੍ਹਾਂ ਵਿਚ ਗੰਦਾ ਪਾਣੀ ਰਲਣ ਦਾ ਖ਼ਦਸ਼ਾ ਸੀ, ਜਿਸ ਕਰ ਕੇ ਕੁਝ ਕੁਨੈਕਸ਼ਨ ਕੱਟੇ ਗਏ ਹਨ | ਉਨ੍ਹਾਂ ਕਿਹਾ ਕਿ ਲੋਕ ਆਪਣੇ ਘਰਾਂ ਅੰਦਰਲੇ ਕੁਨੈਕਸ਼ਨ ਪਾਈਪ ਜ਼ਰੂਰ ਚੈੱਕ ਕਰਵਾਉਣ | ਸ਼੍ਰੀ ਗੋਇਲ ਨੇ ਐਮ.ਸੀ. ਸਾਹਿਬਾਨ ਨੂੰ ਹਦਾਇਤ ਕੀਤੀ ਕਿ ਉਹ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਆਪਣੇ-ਆਪਣੇ ਵਾਰਡ ਦਾ ਦੌਰਾ ਕਰਨ ਤੇ ਜਿਹੜੀ ਵੀ ਮੁਸ਼ਕਲ ਦਰਪੇਸ਼ ਹੈ, ਉਹ ਹੱਲ ਕਰਵਾਉਣ | ਇਸ ਮੌਕੇ ਨਗਰ ਕੌਂਸਲ ਲਹਿਰਾਗਾਗਾ ਦੇ ਪ੍ਰਧਾਨ ਮੈਡਮ ਕਾਂਤਾ ਗੋਇਲ, ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ ਜੀਵਨ ਕੁਮਾਰ ਰੱਬੜ, ਮਾਰਕੀਟ ਕਮੇਟੀ ਦੇ ਚੇਅਰਮੈਨ ਡਾਕਟਰ ਸ਼ੀਸ਼ਪਾਲ ਆਨੰਦ, ਪੀਏ ਰਾਕੇਸ਼ ਗੁਪਤਾ, ਕਾਰਜ ਸਾਧਕ ਅਫਸਰ ਰਮਨਦੀਪ ਸ਼ਰਮਾ, ਗੁਰੀ ਚਹਿਲ, ਦਰਬਾਰਾ ਸਿੰਘ ਹੈਪੀ ਠੇਕੇਦਾਰ, ਸਾਬਕਾ ਕੌਂਸਲਰ ਗੁਰਲਾਲ ਸਿੰਘ, ਕੌਂਸਲਰ ਸੁਰਿੰਦਰ ਸਿੰਘ ਜੱਗੀ ਮੌਜੂਦ ਸਨ |