ਦਿੜ੍ਹਬਾ ਮੰਡੀ, 18 ਅਕਤੂਬਰ (ਹਰਬੰਸ ਸਿੰਘ ਛਾਜਲੀ) - ਪੰਜਾਬ ਸਰਕਾਰ ਵਲੋਂ ਪੰਜਾਬ ਵਿਚ ਨਸ਼ਿਆਂ ਦਾ ਖ਼ਾਤਮਾ ਕਰਨ ਲਈ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਸ. ਸਰਤਾਜ ਸਿੰਘ ਚਾਹਲ ਸੀਨੀਅਰ ਕਪਤਾਨ ਪੁਲਿਸ, ਸੰਗਰੂਰ ਦੀ ਅਗਵਾਈ ਹੇਠ ਪ੍ਰਾਪਤ ਨਿਰਦੇਸ਼ਾਂ ਤਹਿਤ ਲਗਾਤਾਰ ਕਰਵਾਈ ਕੀਤੀ ਜਾ ਰਹੀ ਹੈ | ਡੀ.ਐਸ.ਪੀ. ਦਿੜ੍ਹਬਾ ਡਾ. ਰੁਪਿੰਦਰ ਕੌਰ ਬਾਜਵਾ ਨੇ ਕਿਹਾ ਕਿ ਮੁਹਿੰਮ ਤਹਿਤ ਸਬ-ਡਵੀਜ਼ਨ ਦਿੜ੍ਹਬਾ ਵਿਚ 01.10.2025 ਤੋਂ ਮਿਤੀ 15.10.2025 ਤਕ 2 ਵਿਅਕਤੀਆਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ 2 ਮੁਕੱਦਮੇ ਦਰਜ ਕਰ ਕੇ 65 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਅਤੇ 1 ਵਿਅਕਤੀ ਖ਼ਿਲਾਫ਼ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕਰ ਕੇ 15 ਬੋਤਲਾਂ (11.250 ਲੀਟਰ) ਸ਼ਰਾਬ ਠੇਕਾ ਦੇਸੀ ਮਾਰਕਾ ਜੁਗਨੀ ਸੋਫੀ (ਹਰਿਆਣਾ) ਬਰਾਮਦ ਕਰਵਾਈਆਂ ਗਈਆਂ | ਸਬ ਡਵੀਜ਼ਨ ਦਿੜ੍ਹਬਾ ਅਧੀਨ ਆਉਂਦੇ ਪਿੰਡ/ਮੁਹੱਲਾ/ਵਾਰਡ ਪੱਧਰ 'ਤੇ ਐਮ.ਸੀ./ਪੰਚਾਇਤੀ ਅਤੇ ਹੋਰ ਮੋਹਤਬਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਨਸ਼ਾ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਕਰ ਕੇ ਉਨ੍ਹਾਂ ਦੀ ਸ਼ਨਾਖ਼ਤ ਨੂੰ ਗੁਪਤ ਰੱਖਦੇ ਹੋਏ ਨਸ਼ੇ ਦੀ ਦਲਦਲ ਵਿਚੋਂ ਬਾਹਰ ਕੱਢਣ ਲਈ ਕਰੀਬ 22 ਵਿਅਕਤੀਆਂ ਨੂੰ ਸਰਕਾਰ ਵੱਲੋਂ ਚਲਾਏ ਜਾ ਰਹੇ ਓਟ ਸੈਂਟਰ ਵਿਚ ਰਜਿਸਟਰ ਕਰਵਾਇਆ ਗਿਆ | ਜਿਨ੍ਹਾਂ ਵਿਚੋਂ 21 ਵਿਅਕਤੀਆਂ ਨੂੰ ਡਾਕਟਰ ਵਲੋ ਚੈੱਕ ਕਰਨ ਉਪਰੰਤ ਦਵਾਈ ਦਿੱਤੀ ਗਈ ਅਤੇ 01 ਵਿਅਕਤੀ ਨੂੰ ਨਸ਼ਾ ਛੁਡਾਊ ਕੇਂਦਰ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ | ਸਬ ਡਵੀਜ਼ਨ ਦਿੜ੍ਹਬਾ ਵਿਚ ਡਰੱਗ ਪ੍ਰਭਾਵਿਤ ਏਰੀਏ ਵਿਚ ਅਤੇ ਇਲਾਕਾ ਸਬ ਡਵੀਜ਼ਨ ਦਿੜ੍ਹਬਾ ਦੇ ਹੋਰ ਇਲਾਕਿਆਂ ਵਿਚ ਕੁੱਲ 06 ਕਾਸੋ ਸਰਚ ਅਪ੍ਰੇਸ਼ਨ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਦੇਣ ਲਈ ਪ੍ਰੇਰਿਤ ਕਰਨ ਬਾਰੇ ਇਲਾਕੇ ਵਿਚ ਲਗਾਤਾਰ ਸੈਮੀਨਾਰ/ਨਸ਼ਾ ਮੁਕਤੀ ਯਾਤਰਾ ਅਭਿਆਨ ਜਾਰੀ ਹਨ | ਕਰੀਬ 17 ਪਬਲਿਕ ਮੀਟਿੰਗਾਂ ਕੀਤੀਆਂ ਗਈਆਂ | ਮੀਟਿੰਗਾਂ ਦੌਰਾਨ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਣੂ ਕਰਵਾਉਂਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜੇ ਕਿਸੇ ਨੂੰ ਵੀ ਇਲਾਕੇ ਵਿਚ ਨਸ਼ੇ ਦੀ ਵਿੱਕਰੀ ਜਾਂ ਵਰਤੋਂ ਬਾਰੇ ਕੋਈ ਜਾਣਕਾਰੀ ਮਿਲਦੀ ਹੈ, ਤਾਂ ਬਿਨਾਂ ਡਰ ਦੇ ਪੁਲਿਸ ਨਾਲ ਸਾਂਝੀ ਕਰਨ | ਕਿਸਾਨ ਨੂੰ ਅੱਗ ਨਾ ਲਾਉਣ ਬਾਰੇ ਪ੍ਰੇਰਿਤ ਕਰਨ ਲਈ ਕੁੱਲ 100 ਮੀਟਿੰਗਾਂ ਕੀਤੀਆਂ ਗਈਆਂ ਹਨ | ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਵੀ ਢੁਕਵੀਂ ਕਾਰਵਾਈ ਕਰਦੇ ਹੋਏ 133 ਚਲਾਨ ਕੱਟੇ ਗਏ ਹਨ | ਪਬਲਿਕ ਨੂੰ ਟਰੈਫ਼ਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਨਾ ਕਰਨ ਬਾਰੇ ਜਾਗਰੂਕ ਕੀਤਾ ਗਿਆ |
'ਯੁੱਧ ਨਸ਼ਿਆਂ ਵਿਰੁੱਧ' ਤਹਿਤ ਸਬ ਡਵੀਜ਼ਨ ਦਿੜ੍ਹਬਾ 'ਚ 2 ਮੁਲਜ਼ਮਾਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ 2 ਮੁਕੱਦਮੇ ਦਰਜ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਦੇ 133 ਚਲਾਨ ਕੱਟੇ
ਅਜੀਤ ਡੈਸਕ
19-10-2025