ਲਹਿਰਾਗਾਗਾ, 4 ਨਵੰਬਰ (ਅਸ਼ੋਕ ਗਰਗ)-ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਦਾ 27ਵਾਂ ਸਾਲਾਨਾ ਤਿੰਨ ਰੋਜ਼ਾ ਖੇਡ ਮੇਲਾ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਿਆ | ਅੰਤਰ ਹਾਊਸ ਖੇਡ ਮੁਕਾਬਲਿਆਂ ਵਿਚ ਰਾਣੀ ਲਕਸ਼ਮੀ ਬਾਈ ਹਾਊਸ ਨੇ 710 ਅੰਕ ਲੈ ਕੇ ਪਹਿਲਾ ਸਥਾਨ, ਭਗਤ ਪੂਰਨ ਸਿੰਘ ਹਾਊਸ ਨੇ 690 ਅੰਕ ਲੈ ਕੇ ਦੂਸਰਾ ਅਤੇ ਸੁਭਾਸ਼ ਚੰਦਰ ਬੋਸ ਹਾਊਸ ਨੇ 655 ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਖੇਡ ਮੇਲੇ ਦੌਰਾਨ 100 ਮੀਟਰ ਦੌੜ, ਲੰਬੀ ਛਾਲ, ਤਿੰਨ ਟੰਗੀ ਦੌੜ, ਅੜਿੱਕਾ ਦੌੜ, ਬੋਰੀ ਦੌੜ, ਮਟਕਾ ਦੌੜ ਤੋਂ ਇਲਾਵਾ ਰੱਸਾਕਸ਼ੀ, ਕਬੱਡੀ, ਫੁੱਟਬਾਲ ਅਤੇ ਖੋ-ਖੋ ਸਮੇਤ ਕਰੀਬ 25 ਖੇਡਾਂ ਦੇ ਮੁਕਾਬਲੇ ਕਰਵਾਏ ਗਏ | ਖੇਡ ਮੇਲੇ ਦੇ ਵਿਸ਼ੇਸ਼ ਤੌਰ 'ਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਨੇ ਸ਼ਾਨਦਾਰ ਮਾਰਚ ਪਾਸਟ ਦੀ ਸਲਾਮੀ ਲੈਣ ਉਪਰੰਤ ਵਿਦਿਆਰਥੀਆਂ ਦੇ ਤਾਲਮੇਲ ਅਤੇ ਅਨੁਸ਼ਾਸਨ ਦੀ ਸ਼ਲਾਘਾ ਕੀਤੀ | ਇਸੇ ਦੌਰਾਨ ਮਾਪਿਆਂ ਦੀ ਸ਼ਮੂਲੀਅਤ ਕਾਫ਼ੀ ਰਹੀ ਅਤੇ ਕੁਰਸੀ ਦੌੜ ਵਿਚ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੀ ਧਰਮ ਪਤਨੀ ਸੀਮਾ ਗੋਇਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਖੇਡ ਮੇਲੇ ਵਿਚ ਨਗਰ ਕੌਂਸਲ ਲਹਿਰਾਗਾਗਾ ਦੇ ਪ੍ਰਧਾਨ ਮੈਡਮ ਕਾਂਤਾ ਗੋਇਲ, ਐੱਸ.ਡੀ.ਐਮ ਸਰਦਾਰ ਸੂਬਾ ਸਿੰਘ, ਡੀ.ਐੱਸ.ਪੀ ਦੀਪਇੰਦਰ ਪਾਲ ਸਿੰਘ ਜੇਜੀ, ਕਾਰਜ ਸਾਧਕ ਅਫ਼ਸਰ ਰਮਨਦੀਪ ਸ਼ਰਮਾ, ਚੇਅਰਮੈਨ ਰਣਵੀਰ ਸਿੰਘ ਢੀਂਡਸਾ, ਥਾਣਾ ਮੁਖੀ ਇੰਸਪੈਕਟਰ ਕਰਮਜੀਤ ਸਿੰਘ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਖੇਡ ਮੇਲੇ ਦੇ ਅਖੀਰਲੇ ਦਿਨ ਖਿਡਾਰੀਆਂ ਨੂੰ ਇਨਾਮ ਦੇਣ ਲਈ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਖੇਡ-ਰਿਪੋਰਟ ਸਾਂਝੀ ਕਰਦਿਆਂ ਕਿਹਾ ਕਿ ਹਰ ਸਾਲ ਸੀਬਾ ਸਕੂਲ ਦੇ ਸੈਂਕੜੇ ਖਿਡਾਰੀ ਦੇਸ਼ ਪੱਧਰੀ ਮੁਕਾਬਲਿਆਂ ਵਿਚ ਸ਼ਮੂਲੀਅਤ ਕਰਦੇ ਹਨ | ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਵਿਦਿਆਰਥੀਆਂ ਦਾ ਬਹੁਪੱਖੀ ਵਿਕਾਸ ਕਰਨਾ ਹੈ | ਇਲਾਕੇ ਦੇ ਸਰਪੰਚਾਂ, ਪੰਚਾਂ, ਖੇਡ ਕਲੱਬਾਂ ਦੇ ਨੁਮਾਇੰਦਿਆਂ ਸਮੇਤ ਵੱਖ-ਵੱਖ ਸਮਾਜਿਕ ਸ਼ਖ਼ਸੀਅਤਾਂ ਨੇ ਪਹੁੰਚ ਕੇ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕੀਤੀ | ਇਸ ਮੌਕੇ ਮੈਡਮ ਅਮਨ ਢੀਂਡਸਾ, ਪਿ੍ੰਸੀਪਲ ਫਲੈਵੀ ਡੀ, ਖੇਡ ਇੰਚਾਰਜ ਨਰੇਸ਼ ਚੌਧਰੀ, ਹਰਵਿੰਦਰ ਸਿੰਘ, ਸੁਭਾਸ਼ ਮਿੱਤਲ, ਮਲਕੀਤ ਸਿੰਘ, ਚੰਦਨ ਮੰਗਲ ਅਤੇ ਰਮਨਦੀਪ ਕੌਰ ਮੌਜੂਦ ਸਨ |