ਸੰਗਰੂਰ, 4 ਨਵੰਬਰ (ਅਮਨਦੀਪ ਸਿੰਘ ਬਿੱਟਾ)-ਅੱਜ ਲਿਟਲ ਫਲਾਵਰ ਕਾਨਵੈਂਟ ਸਕੂਲ, ਸੰਗਰੂਰ ਵਿਚ ਨਗਰ ਕੀਰਤਨ ਦਾ ਬੜੇ ਸ਼ਰਧਾ ਤੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ | ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਪਵਿੱਤਰ ਮੌਕੇ 'ਤੇ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਪਿ੍ੰਸੀਪਲ ਵੱਲੋਂ ਨਗਰ ਕੀਰਤਨ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਇਸ ਸਾਰੇ ਪ੍ਰੋਗਰਾਮ ਦਾ ਬੀੜਾ ਸਕੂਲ ਦੇ ਮੈਨੇਜਰ ਫਾਦਰ ਲਾਰੈਂਸ ਬੈਨੀਡਿਕਟ ਨੇ ਚੁੱਕਿਆ | ਪਿ੍ੰਸੀਪਲ ਸਿਸਟਰ ਮੇਰੀ ਲਵੱਨਿਆ ਨੇ ਇਸ ਮੌਕੇ 'ਤੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਾਨੂੰ ਸੱਚਾਈ, ਨਿਮਰਤਾ ਅਤੇ ਸੇਵਾ ਦੇ ਰਾਹ 'ਤੇ ਤੁਰਨ ਦੀ ਪ੍ਰੇਰਨਾ ਦਿੰਦੀਆਂ ਹਨ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੱਚੇ ਮਨ ਨਾਲ ਗੁਰਬਾਣੀ ਦੇ ਅਰਥ ਸਮਝਣ ਅਤੇ ਆਪਣੇ ਜੀਵਨ ਵਿਚ ਅਮਲ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਕੇਅਰ ਅਤੇ ਸ਼ੇਅਰ ਕਲੱਬ ਦੀ ਮੈਂਬਰ ਮੋਨਿਕਾ ਖਿੱਪਲ ਅਤੇ ਸਕੂਲ ਦੇ ਅਧਿਆਪਕ ਪਵਨੀਤ ਕੌਰ ਅਤੇ ਲਾਲਵਿੰਦਰ ਸਿੰਘ ਨੇ ਵਿਦਿਆਰਥੀਆਂ ਦੇ ਨਾਲ ਮਿਲ ਕੇ ਸਕੂਲ ਦੀ ਸੁੰਦਰ ਸਜਾਵਟ ਕੀਤੀ ਤੇ ਕੀਰਤਨ ਦੀਆਂ ਧੁਨਾਂ ਨਾਲ ਗੂੰਜਦਾ ਮਾਹੌਲ ਬਣਾਇਆ |