ਅਮਰਗੜ੍ਹ, 28 ਦਸੰਬਰ (ਪਵਿੱਤਰ ਸਿੰਘ, ਜਤਿੰਦਰ ਮੰਨਵੀ)-ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵਲੋਂ ਸ਼ਹਿਰ ਅਮਰਗੜ੍ਹ ਦੀ ਵਾਰਡਬੰਦੀ ਸਬੰਧੀ ਇੱਕ ਨੋਟਿਸ ਜਾਰੀ ਕਰ ਕੇ ਨਵੀਂ ਵਾਰਡਬੰਦੀ ਸਬੰਧੀ ਲੋਕਾਂ ਤੋਂ ਸੁਝਾਅ ਅਤੇ ਇਤਰਾਜ਼ਾਂ ਦੀ ਮੰਗ ਕੀਤੀ ਗਈ ਹੈ | ਨਵੇਂ ਨੋਟੀਫ਼ਿਕੇਸ਼ਨ ਅਨੁਸਾਰ ਪਹਿਲਾਂ ਦੀ ਤਰ੍ਹਾਂ ਹੀ ਸ਼ਹਿਰ ਨੂੰ 11 ਵਾਰਡਾਂ ਵਿਚ ਵੰਡਿਆ ਗਿਆ ਹੈ ਅਤੇ ਪੰਜਾਹ ਫ਼ੀਸਦੀ ਸੀਟਾਂ ਅÏਰਤਾਂ ਲਈ ਰਾਖਵੀਂਆਂ ਰੱਖੀਆਂ ਗਈਆਂ ਹਨ | ਜਾਰੀ ਕੀਤੇ ਗਏ ਨੋਟਿਸ ਅਨੁਸਾਰ ਵਾਰਡ ਨੰਬਰ 1 ਅਨੁਸੂਚਿਤ ਜਾਤੀਆਂ ਦੇ ਇਸਤਰੀ ਮੈਂਬਰਾਂ ਲਈ ਰਾਖਵਾਂ, ਵਾਰਡ ਨੰਬਰ 2 ਜਰਨਲ ਮੈਂਬਰਾਂ ਲਈ, ਵਾਰਡ ਨੰਬਰ 3 ਇਸਤਰੀ ਮੈਂਬਰਾਂ ਲਈ ਰਾਖਵਾਂ, ਵਾਰਡ ਨੰਬਰ 4 ਇਸਤਰੀ ਮੈਂਬਰਾਂ ਲਈ ਰਾਖਵਾਂ, ਵਾਰਡ ਨੰਬਰ 5 ਇਸਤਰੀ ਮੈਂਬਰਾਂ ਲਈ ਰਾਖਵਾਂ, ਵਾਰਡ ਨੰਬਰ 6 ਜਰਨਲ ਮੈਂਬਰਾਂ ਲਈ, ਵਾਰਡ ਨੰਬਰ 7 ਅਨੁਸੂਚਿਤ ਜਾਤੀ ਦੇ ਮੈਂਬਰਾਂ ਲਈ ਰਾਖਵਾਂ, ਵਾਰਡ ਨੰਬਰ 8 ਬੀ.ਸੀ. ਮੈਂਬਰਾਂ ਲਈ ਰਾਖਵਾਂ, ਵਾਰਡ ਨੰਬਰ 9 ਅਨੁਸੂਚਿਤ ਜਾਤੀ ਦੇ ਮੈਂਬਰਾਂ ਲਈ ਰਾਖਵਾਂ, ਵਾਰਡ ਨੰਬਰ 10 ਅਤੇ 11 ਨੂੰ ਅÏਰਤਾਂ ਲਈ ਰਾਖਵਾਂ ਰੱਖਿਆ ਗਿਆ ਹੈ | ਉਪਰੋਕਤ ਨੋਟਿਸ ਤੇ ਸਮਾਜ ਸੇਵੀ ਦੀਪਕ ਕੌੜਾ ਨੇ ਲਿਖਤੀ ਰੂਪ 'ਚ ਇਤਰਾਜ਼ ਜਤਾਇਆ ਹੈ ਕਿ ਵਾਰਡ ਨੰਬਰ ਚਾਰ 'ਚ ਗ਼ਲਤ ਬਲਾਕ ਬਣਾ ਕੇ ਦੂਸਰੇ ਵਾਰਡਾਂ ਦੀਆਂ ਵੋਟਾਂ ਪਾਈਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਨਿੱਜੀ ਪਲਾਟ ਨੂੰ ਗਲੀ ਦੱਸ ਕੇ ਸੰਭਾਵੀ ਉਮੀਦਵਾਰ ਦੀਆਂ ਵੋਟਾਂ ਹੋਰ ਵਾਰਡ ਵਿਚ ਪਾ ਦਿੱਤੀਆਂ ਗਈਆਂ ਹਨ |ਭਾਰਤੀ ਜਨਤਾ ਪਾਰਟੀ ਅਮਰਗੜ੍ਹ ਦੇ ਪ੍ਰਧਾਨ ਸੰਦੀਪ ਕੌੜਾ ਵਲੋਂ ਵਾਰਡ ਨੰਬਰ 10 ਅਤੇ ਵਾਰਡ ਨੰਬਰ 11 ਨੂੰ ਇਸਤ੍ਰੀਆਂ ਲਈ ਰਾਖਵਾਂ ਕਰਨ ਤੇ ਇਤਰਾਜ਼ ਜਤਾਇਆ ਗਿਆ ਹੈ | ਸਾਬਕਾ ਬਲਾਕ ਸੰਮਤੀ ਮੈਂਬਰ ਪ੍ਰੇਮ ਚੰਦ ਕਪੂਰ ਵਲੋਂ ਵਾਰਡ ਨੰਬਰ 2 ਪੁਰਾਣਾ ਵਾਰਡ ਨੰਬਰ ਤਿੰਨ ਵਿਚੋਂ ਵੋਟਾਂ ਕੱਟ ਕੇ ਵਾਰਡ ਨੰਬਰ ਚਾਰ ਵਿਚ ਪਾਉਣ ਸਬੰਧੀ ਇਤਰਾਜ਼ ਦਰਜ ਕਰਵਾਇਆ ਗਿਆ ਹੈ | ਹਰਸ਼ ਸਿੰਗਲਾ ਵਲੋਂ ਵਾਰਡ ਨੰਬਰ 5 ਨੂੰ ਦੁਆਰਾ ਤੋਂ ਇਸਤਰੀ ਲਈ ਰਾਖਵਾਂ ਕਰਨ ਸਬੰਧੀ ਇਤਰਾਜ਼ ਦਰਜ ਕਰਵਾਇਆ ਗਿਆ ਹੈ | ਮੌਜੂਦਾ ਕੌਂਸਲਰ ਜਸਵਿੰਦਰ ਸਿੰਘ ਦੱਦੀ ਵਲੋਂ ਵਾਰਡ ਨੰਬਰ 2 ਨੂੰ 3 ਅਤੇ ਵਾਰਡ ਨੰਬਰ 3 ਨੂੰ ਵਾਰਡ ਨੰਬਰ 2 ਕਰਨ ਸਬੰਧੀ ਇਤਰਾਜ਼ ਦਰਜ ਕਰਵਾਇਆ ਗਿਆ ਹੈ | ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਗਰ ਪੰਚਾਇਤ ਅਮਰਗੜ੍ਹ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਬਾਵਾ,ਮੌਜੂਦਾ ਕੌਂਸਲਰ ਜਸਵਿੰਦਰ ਸਿੰਘ ਦੱਦੀ, ਸਮਾਜ ਸੇਵੀ ਦੀਪਕ ਕੌੜਾ ,ਹਰਸ਼ ਸਿੰਗਲਾ ਨੇ ਦੱਸਿਆ ਕਿ ਸੱਤਾਧਾਰੀ ਧਿਰ ਵਲੋਂ ਆਪਣੇ ਫ਼ਾਇਦੇ ਲਈ ਵਾਰਡਬੰਦੀ 'ਚ ਕੀਤੀ ਭੰਨ ਤੋੜ ਨਾਲ ਆਮ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਵਿਭਾਗ ਵਲੋਂ ਜਾਰੀ ਕੀਤੀ ਗਈ ਨਵੀਂ ਸੂਚੀ ਮੁਤਾਬਕ ਵਾਰਡ ਨੰਬਰ 2 ਨੂੰ 3 ਅਤੇ 3 ਨੂੰ 2 ਕਰ ਦਿੱਤਾ ਗਿਆ ਹੈ ਜਿਸ ਨਾਲ ਵਾਰਡ ਵਾਸੀਆਂ ਨੂੰ ਆਪਣੇ ਆਈ.ਡੀ. ਕਾਰਡਾਂ, ਪਾਸਪੋਰਟਾਂ ਤੇ ਆਧਾਰ ਕਾਰਡਾਂ ਤੇ ਵਾਰਡ ਨੰਬਰ ਤਬਦੀਲ ਕਰਾਉਣੇ ਪੈਣਗੇ | ਉਨ੍ਹਾਂ ਕਿਹਾ ਕਿ ਸੱਤਾਧਾਰੀ ਧਿਰ ਦੀ ਸ਼ਹਿ ਤੇ ਵਿਭਾਗ ਵਲੋਂ ਕੀਤੀ ਗਈ ਵਾਰਡਬੰਦੀ ਦੀ ਇਹ ਤਬਦੀਲੀ ਦੀ ਅਸੀਂ ਘੋਰ ਸ਼ਬਦਾਂ ਵਿਚ ਨਿੰਦਿਆ ਕਰਦੇ ਹੋਏ ਮੁੜ ਤੋਂ ਪਹਿਲਾਂ ਦੀ ਤਰ੍ਹਾਂ ਵਾਰਡਬੰਦੀ ਕਰਵਾਉਣ ਦੀ ਮੰਗ ਕਰਦੇ ਹਾਂ | ਉਨ੍ਹਾਂ ਦੱਸਿਆ ਕਿ ਅਸੀਂ ਪ੍ਰਸ਼ਾਸਨ ਨੂੰ ਲਿਖਤੀ ਰੂਪ ਵਿਚ ਬੇਨਤੀ ਕਰ ਚੁੱਕੇ ਹਾਂ ਜੇਕਰ ਵਿਭਾਗ ਨੇ ਉਪਰੋਕਤ ਸੋਧਾਂ ਨਾ ਕੀਤੀਆਂ ਤਾਂ ਅਸੀਂ ਅਦਾਲਤ ਦਾ ਦਰਵਾਜ਼ਾ ਖੜਕਾਉਣ ਤੋਂ ਗੁਰੇਜ਼ ਨਹੀਂ ਕਰਾਂਗੇ |
ਸ਼ਹਿਰ ਅਮਰਗੜ੍ਹ ਦੀ ਵਾਰਡਬੰਦੀ 'ਚ ਤਬਦੀਲੀਆਂ ਦਾ ਨੋਟਿਸ ਜਾਰੀ
ਅਜੀਤ ਡੈਸਕ
29-12-2025