ਜ਼ੀਰਾ, 22 ਸਤੰਬਰ (ਪ੍ਰਤਾਪ ਸਿੰਘ ਹੀਰਾ)- ਜ਼ੀਰਾ ਦੇ ਸਿਟੀ ਥਾਣਾ ਨਜ਼ਦੀਕ ਸਮੂਹ ਦੁਕਾਨਦਾਰਾਂ ਵਲੋਂ ਰੈੱਡ ਕਰਾਸ ਵਲੋਂ ਦੁਕਾਨਦਾਰਾਂ ਨੂੰ ਦੁਕਾਨਾਂ ਖ਼ਾਲੀ ਕਰਨ ਦੇ ਨੋਟਿਸ ਕੱਢਣ ਖ਼ਿਲਾਫ਼ ਇਕ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਦੁਕਾਨਾਂ ਦੇ ਮਾਲਕ ਧਰਮਿੰਦਰ ਸਿੰਘ, ਪਰਮਿੰਦਰ ਸਿੰਘ, ਮਨਪ੍ਰੀਤ ਸਿੰਘ, ਜਸਵਿੰਦਰ ਸਿੰਘ, ਕੁਲਵੰਤ ਸਿੰਘ, ਸੁਰਿੰਦਰ ਸਿੰਘ, ਕੁਲਦੀਪ ਸਿੰਘ, ਪਿੱਪਲ ਸਿੰਘ, ਸ਼ਾਮ ਲਾਲ, ਨਰਿੰਦਰ ਸਿੰਘ, ਜਸਪਾਲ ਸਿੰਘ, ਸੁੱਚਾ ਸਿੰਘ, ਸੰਦੀਪ ਕੁਮਾਰ, ਹਰਪ੍ਰੀਤ ਸਿੰਘ, ਗੁਰਬਚਨ ਸਿੰਘ, ਗੁਰਿੰਦਰ ਸਿੰਘ, ਜਸਪਾਲ ਸਿੰਘ, ਜਗਤਾਰ ਸਿੰਘ, ਵੀਰਪਾਲ ਕੌਰ, ਮਨਜੀਤ ਸਿੰਘ, ਹੇਮੰਤ ਕੁਮਾਰ, ਪੰਕਜ ਕੁਮਾਰ ਆਦਿ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ 40 ਦੁਕਾਨਾਂ ਜੋ ਕਿ 2003 'ਚ ਅਲਾਟ ਕੀਤੀਆਂ ਗਈਆਂ ਸਨ ਜਿਸ ਵਿਚ ਸਭ ਦੁਕਾਨਦਾਰ ਛੋਟੇ ਦਰਜੇ ਦਾ ਕੰਮ ਕਰ ਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਹਨ | ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਰੈੱਡ ਕਰਾਸ ਵਲੋਂ ਉਨ੍ਹਾਂ ਨੂੰ ਦੋ ਦਿਨ ਦੇ ਅੰਦਰ-ਅੰਦਰ ਦੁਕਾਨਾਂ ਖ਼ਾਲੀ ਕਰਨ ਦੇ ਨੋਟਿਸ ਦਿੱਤੇ ਗਏ ਹਨ, ਜੋ ਕਿ ਉਨ੍ਹਾਂ ਨਾਲ ਸਰਾਸਰ ਧੱਕਾ ਹੈ | ਉਨ੍ਹਾਂ ਕਿਹਾ ਕਿ ਇਹ ਦੁਕਾਨਾਂ ਨੂੰ ਢਾਹ ਕੇ ਸਰਕਾਰ ਇੱਥੇ ਪਲਾਟ ਕੱਟਣਾ ਚਾਹੁੰਦੀ ਹੈ, ਜਿਨ੍ਹਾਂ ਨੂੰ ਅਸੀਂ ਹਰਗਿਜ਼ ਬਰਦਾਸ਼ਤ ਨਹੀਂ ਕਰਾਂਗੇ | ਰੋਸ ਧਰਨੇ ਵਿਚ ਵਿਸ਼ੇਸ਼ ਤੌਰ 'ਤੇ ਉੱਘੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋਂ, ਅਮਿਤੋਜ ਮਾਨ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਐਗਜ਼ੈਕਟਿਵ ਮੈਂਬਰ ਪੰਜਾਬ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ, ਪ੍ਰੀਤਮ ਸਿੰਘ ਸੀਨੀਅਰ ਕਿਸਾਨ ਆਗੂ, ਮਾਸਟਰ ਗੁਰਪ੍ਰੀਤ ਸਿੰਘ ਜੱਜ, ਮੋਹਣ ਸਿੰਘ ਨਾਕਰਾ ਭਾਜਪਾ ਆਗੂ ਤੋਂ ਇਲਾਵਾ ਸ਼ਹਿਰ ਨਿਵਾਸੀਆਂ ਵਲੋਂ ਵੀ ਇਸ ਧਰਨੇ ਨੂੰ ਸਮਰਥਨ ਦਿੱਤਾ ਗਿਆ | ਇਸ ਦੌਰਾਨ ਪੀੜਤ ਦੁਕਾਨਦਾਰਾਂ ਵਲੋਂ ਆਪਣੀਆਂ ਸਮੂਹ ਦੁਕਾਨਾਂ ਬੰਦ ਕੀਤੀਆਂ ਗਈਆਂ ਤੇ ਉਨ੍ਹਾਂ ਨੂੰ ਹਮਾਇਤ ਦਿੰਦਿਆਂ ਨੇੜਲੇ ਦੁਕਾਨਦਾਰਾਂ ਨੇ ਵੀ ਆਪਣੀਆਂ ਦੁਕਾਨਾਂ ਬੰਦ ਰੱਖੀਆਂ | ਇਸ ਦੌਰਾਨ ਨਾਇਬ ਤਹਿਸੀਲਦਾਰ ਜ਼ੀਰਾ ਵਲੋਂ ਉਨ੍ਹਾਂ ਤੋਂ ਮੰਗ ਪੱਤਰ ਲਿਆ ਗਿਆ ਤੇ ਵਿਸ਼ਵਾਸ ਦਵਾਇਆ ਕਿ ਕਿਸੇ ਵੀ ਦੁਕਾਨਦਾਰ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ | ਖ਼ਬਰ ਲਿਖੇ ਜਾਣ ਤੱਕ ਦੁਕਾਨਾਂ ਬੰਦ ਸਨ ਤੇ ਧਰਨਾ ਜਾਰੀ ਸੀ |