ਗੁਰੂਹਰਸਾਏ, 22 ਸਤੰਬਰ (ਹਰਚਰਨ ਸਿੰਘ ਸੰਧੂ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਗੁਰੂਹਰਸਹਾਏ ਦੇ ਪਿੰਡਾਂ ਦੇ ਕਿਸਾਨਾਂ, ਮਜ਼ਦੂਰਾਂ ਦੀ ਮੀਟਿੰਗ ਧਰਮ ਸਿੰਘ ਸਿੱਧੂ ਜ਼ਿਲ੍ਹਾ ਆਗੂ ਦੀ ਅਗਵਾਈ 'ਚ ਗੁਰਦੁਆਰਾ ਸੰਗਤਸਰ ਸਾਹਿਬ ਮਾਦੀ ਕੇ ਵਿਖੇ ਹੋਈ | ਮੀਟਿੰਗ ਦੀ ਕਾਰਵਾਈ ਬਾਰੇ ਦੱਸਦੇ ਹੋਏ ਮੰਗਲ ਸਿੰਘ ਗੁੱਦੜ ਢੰਡੀ ਨੇ ਆਖਿਆ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਨੂੰ ਪੁਲਿਸ ਸਟੇਟ ਬਣਾ ਕੇ ਰੱਖ ਦਿੱਤਾ ਹੈ ਤੇ ਪੁਲਿਸ ਅਫ਼ਸਰਸ਼ਾਹੀ ਮਨਮਾਨੀਆਂ ਕਰ ਰਹੀ ਹੈ ਤੇ ਕੋਈ ਸੁਣਵਾਈ ਨਹੀਂ ਕਰ ਰਿਹਾ | ਐੱਸ.ਐੱਚ.ਓ. ਗੁਰੂਹਰਸਹਾਏ ਵਲੋਂ ਕਿਸਾਨਾਂ, ਮਜ਼ਦੂਰਾਂ ਨੂੰ ਦਹਿਸ਼ਤਜਦਾ ਕਰਨ ਲਈ ਅਨੇਕਾਂ ਝੂਠੇ ਪਰਚੇ ਦਰਜ ਕੀਤੇ ਹੋਏ ਹਨ | ਪੁਲਿਸ ਦੇ ਕਰਮਚਾਰੀ ਪਲਾਟਾਂ 'ਤੇ ਨਾਜਾਇਜ਼ ਕਬਜ਼ੇ ਕਰਕੇ ਅਸਲ ਮਾਲਕਾਂ 'ਤੇ ਦਬਾਅ ਪਾਉਣ ਲਈ ਨਾਜਾਇਜ਼ ਹਿਰਾਸਤ ਵਿਚ ਰੱਖ ਰਹੇ ਹਨ ਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੁਲਿਸ ਧੱਕੇਸ਼ਾਹੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਤੇ ਲੋਕਾਂ ਨਾਲ ਨਾਜਾਇਜ਼ ਧੱਕਾ ਨਹੀਂ ਕਰਨ ਦੇਵੇਗੀ | ਪੁਲਿਸ ਸਟੇਟ ਬਣਾਉਣ ਵਿਰੁੱਧ ਤੇ ਝੂਠੇ ਪਰਚੇ ਰੱਦ ਕਰਵਾਉਣ ਲਈ ਡੀ.ਐੱਸ.ਪੀ. ਗੁਰੂਹਰਸਹਾਏ ਦਫ਼ਤਰ ਅੱਗੇ ਦਿੱਤੇ ਜਾਣ ਵਾਲੇ ਧਰਨੇ ਲਈ ਕਿਸਾਨਾਂ, ਮਜ਼ਦੂਰਾਂ ਦੀ ਵਿਸ਼ਾਲ ਮੀਟਿੰਗ ਕੀਤੀ ਗਈ | ਕਿਸਾਨਾਂ, ਮਜ਼ਦੂਰਾਂ ਨੇ ਇਸ ਧਰਨੇ 'ਚ ਮਿਸਾਲੀ ਇਕੱਠ ਕਰਨ ਦਾ ਅਹਿਦ ਲਿਆ | ਇਸ ਮੌਕੇ ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ, ਸੂਬਾ ਸਿੰਘ, ਪ੍ਰੀਤਮ ਸਿੰਘ, ਗੁਰਬਖਸ਼ ਸਿੰਘ, ਮਨਜੀਤ ਸਿੰਘ, ਸਤਨਾਮ ਸਿੰਘ, ਅਵਤਾਰ ਸਿੰਘ, ਸੁਖਦੇਵ ਸਿੰਘ, ਸਵਰਨ ਸਿੰਘ, ਕੁਲਵੰਤ ਸਿੰਘ, ਨਿਸ਼ਾਨ ਸਿੰਘ, ਬਲਵੀਰ ਸਿੰਘ, ਹਰਬੰਸ ਸਿੰਘ, ਦਰਸ਼ਨ ਸਿੰਘ, ਕ੍ਰਿਸ਼ਨ ਲਾਲ, ਜੋਰਾ ਸਿੰਘ, ਦੀਵਾਨ ਚੰਦ ਆਦਿ ਹਾਜ਼ਰ ਸਨ |