ਫ਼ਿਰੋਜ਼ਪੁਰ, 22 ਸਤੰਬਰ (ਗੁਰਿੰਦਰ ਸਿੰਘ)- ਸੂਬੇ 'ਚ ਹੜ੍ਹ ਪੀੜਤਾਂ ਦੀ ਮਦਦ ਲਈ ਜਿੱਥੇ ਕਈ ਸੰਸਥਾਵਾਂ ਨੇ ਹੱਥ ਵਧਾਏ ਹਨ ਉਥੇ ਹੁਣ ਫ਼ਿਲਮੀ ਅਦਾਕਾਰ ਵੀ ਆਪਣੀ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ | ਇਸ ਲੜੀ ਤਹਿਤ ਪੰਜਾਬੀ ਫ਼ਿਲਮ ਅਦਾਕਾਰ ਗੈਵੀ ਚਾਹਲ ਨੇ ਵੀ ਫ਼ਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਸਰਹੱਦੀ ਇਲਾਕਿਆਂ ਦਾ ਦੌਰਾ ਕਰਕੇ ਲੋਕਾਂ ਨਾਲ ਹਮਦਰਦੀ ਜਤਾਈ ਤੇ ਮਦਦ ਕਰਨ ਦਾ ਵਾਅਦਾ ਕੀਤਾ | ਆਪਣੀ ਗੈਵੀ ਚਾਹਲ ਫਾਊਾਡੇਸ਼ਨ ਤੇ ਹੰਭਲਾ ਫਾਊਾਡੇਸ਼ਨ ਪੰਜਾਬ ਨਾਲ ਮਿਲ ਕੇ ਮੁੜ ਵਸੇਬਾ ਲਈ ਕੰਮ ਕਰ ਰਹੇ ਅਦਾਕਾਰ ਗੈਵੀ ਚਾਹਲ ਨੇ ਹਾਲ ਹੀ ਵਿਚ ਫ਼ਿਰੋਜ਼ਪੁਰ ਦੇ ਤਿੰਨ ਪਾਸਿਆਂ ਤੋਂ ਸਤਲੁਜ ਦਰਿਆ ਤੇ ਚੌਥੇ ਪਾਸੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਟਾਪੂ ਨੁਮਾ ਪਿੰਡ ਕਾਲੂ ਵਾਲਾ ਦਾ ਦੌਰਾ ਕੀਤਾ | ਗੱਟੀ ਰਾਜੋ ਕੇ ਤੋਂ ਕਿਸ਼ਤੀ ਰਾਹੀਂ ਕਾਲੂ ਵਾਲਾ ਪੁੱਜੇ ਗੈਵੀ ਚਾਹਲ ਨੇ ਹੜ੍ਹ ਪੀੜਤ ਲੋਕਾਂ ਦੀ ਹਾਲਤ ਦੇਖ ਕੇ ਕਿਹਾ ਕਿ ਹੜ੍ਹ ਕਾਰਨ ਇਲਾਕੇ ਨੂੰ ਭਾਰੀ ਨੁਕਸਾਨ ਹੋਇਆ ਹੈ | ਉਨ੍ਹਾਂ ਦੱਸਿਆ ਕਿ ਕਈ ਪਿੰਡਾਂ ਦੀ ਜ਼ਮੀਨ ਦਰਿਆ ਨਾਲ ਵਹਿ ਗਈ ਹੈ ਅਤੇ ਕਈ ਥਾਵਾਂ 'ਤੇ 20 ਤੋਂ 25 ਫੁੱਟ ਡੂੰਘੇ ਟੋਏ ਪੈ ਗਏ ਹਨ, ਜਿਸ ਕਾਰਨ ਲੋਕ ਬੇਘਰ ਹੋ ਗਏ ਹਨ | ਉਨ੍ਹਾਂ ਆਮ ਲੋਕਾਂ ਅਤੇ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆ ਕੇ ਪੀੜਤਾਂ ਦੀ ਮਦਦ ਕਰਨ | ਇਸ ਦੌਰਾਨ ਗੈਵੀ ਚਾਹਲ ਅਤੇ ਉਨ੍ਹਾਂ ਦੀ ਟੀਮ ਵਲੋਂ ਕਾਲੂ ਵਾਲਾ ਪਿੰਡ ਦੇ ਲੋਕਾਂ ਨੂੰ ਕੱਪੜੇ ਵੰਡੇ ਗਏ ਤੇ ਹੋਰ ਮਦਦ ਦਾ ਵੀ ਭਰੋਸਾ ਦਿੱਤਾ ਗਿਆ | ਉਨ੍ਹਾਂ ਹੰਭਲਾ ਫਾਊਾਡੇਸ਼ਨ ਦਾ ਵਿਸ਼ੇਸ਼ ਧੰਨਵਾਦ ਕੀਤਾ ਜੋ ਨਾ ਸਿਰਫ਼ ਮੁੜ ਵਸੇਬਾ ਲਈ ਕੰਮ ਕਰ ਰਹੀ ਹੈ, ਸਗੋਂ ਹੋਰ ਦਾਨੀ ਸੱਜਣਾਂ ਨੂੰ ਵੀ ਪ੍ਰੇਰਿਤ ਕਰ ਰਹੀ ਹੈ | ਇਸ ਮੌਕੇ ਡਾ. ਸੁਰਜੀਤ ਸਿੰਘ ਸਿੱਧੂ, ਅਦਾਕਾਰ ਹਰਿੰਦਰ ਭੁੱਲਰ, ਗਾਮਾ ਸਿੱਧੂ, ਪੀ.ਕੇ. ਤੇ ਤਰਲੋਚਨ ਮੁਸਾਫ਼ਿਰ ਵੀ ਹਾਜ਼ਰ ਸਨ |