ਮਮਦੋਟ, 26 ਸਤੰਬਰ (ਸੁਖਦੇਵ ਸਿੰਘ ਸੰਗਮ)- ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਜ਼ਿਲ੍ਹਾ ਜਨਰਲ ਸਕੱਤਰ ਕਾਂਤਾ ਰਾਣੀ ਵਲੋਂ ਵਰਕਰਾਂ ਨਾਲ ਮੀਟਿੰਗ ਕਰਕੇ ਕੇਂਦਰ ਅਤੇ ਪੰਜਾਬ ਸਰਕਾਰ ਦੀਆ ਨੀਤੀਆਂ ਉੱਤੇ ਚਰਚਾ ਕੀਤੀ ਗਈ ਜਿਸ ਵਿਚ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ 28 ਸਤੰਬਰ ਤੱਕ ਉਨ੍ਹਾਂ ਦੀਆ ਮੰਗਾਂ ਨਾ ਮੰਨੀਆਂ ਗਈਆਂ ਤਾਂ 28 ਸਤੰਬਰ ਤੋਂ ਵਿਭਾਗ ਦਾ ਸਾਰਾ ਕੰਮ ਠੱਪ ਕਰ ਦਿੱਤਾ ਜਾਵੇਗਾ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਕਾਂਤਾ ਰਾਣੀ ਨੇ ਦੱਸਿਆ ਕਿ ਆਈ.ਸੀ.ਡੀ.ਐੱਸ. ਸਕੀਮ ਆਪਣੇ 50 ਵਰੇ੍ਹ ਪੂਰੇ ਕਰ ਚੁੱਕੀ ਹੈ | ਇਕ ਪਾਸੇ ਤਾਂ ਇਹ ਸਕੀਮ ਗੋਲਡਨ ਜੁਬਲੀ ਮਨਾਉਣ ਜਾ ਰਹੀ ਹੈ ਤੇ ਦੂਜੇ ਪਾਸੇ ਆਂਗਣਵਾੜੀ ਵਰਕਰ, ਹੈਲਪਰ ਨਿਗੂਣੇ ਜਿਹੇ ਮਾਣਭੱਤੇ 'ਤੇ ਕੰਮ ਕਰਨ ਲਈ ਮਜਬੂਰ ਹਨ, ਇਹ ਭੱਤਾ 5-5 ਮਹੀਨੇ ਦਿੱਤਾ ਨਹੀਂ ਜਾਂਦਾ | ਉਨ੍ਹਾਂ ਕਿਹਾ ਕਿ ਆਂਗਣਵਾੜੀ ਸੈਂਟਰਾਂ ਦੇ ਕਿਰਾਏ ਸਮੇਂ ਸਿਰ ਨਹੀਂ ਦਿੱਤੇ ਜਾ ਰਹੇ | ਇਨ੍ਹਾਂ ਮੰਗਾਂ ਦੇ ਸਬੰਧ 'ਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਅਲਟੀਮੇਟਮ ਦਿੱਤਾ ਗਿਆ ਸੀ ਜਿਸ ਵਿਚ ਸਟੇਟ ਦਾ 3 ਮਹੀਨਿਆਂ ਦਾ ਰੋਕਿਆ ਮਾਣ ਭੱਤਾ ਅਤੇ 6 ਮਹੀਨਿਆਂ ਦਾ ਕੇਂਦਰ ਦਾ ਮਾਣ ਭੱਤਾ ਦੇਣ ਦੀ ਮੰਗ ਕੀਤੀ ਗਈ ਸੀ | ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਜੇਕਰ 28 ਸਤੰਬਰ ਤੱਕ ਉਨ੍ਹਾਂ ਦੀਆ ਮੰਗਾਂ ਨਾ ਮੰਨੀਆਂ ਗਈਆਂ ਤਾਂ 28 ਸਤੰਬਰ ਤੋ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਕਲਮ ਛੋੜ ਹੜਤਾਲ 'ਤੇ ਜਾਂਦੇ ਹੋਏ ਪੋਸ਼ਣ ਐਪ ਨੂੰ ਸੰਪੂਰਨ ਬੰਦ ਕੀਤਾ ਜਾਵੇਗਾ ਤੇ ਮੋਬਾਈਲ ਨਾਲ ਸਬੰਧਿਤ ਸਾਰੇ ਕੰਮਾਂ ਦਾ ਪੂਰਨ ਤੌਰ 'ਤੇ ਬਾਈਕਾਟ ਕੀਤਾ ਜਾਵੇਗਾ | ਇਸ ਮੌਕੇ ਦਰਸ਼ਨਾਂ, ਕੁਲਦੀਪ ਕੌਰ, ਪਰਮਜੀਤ ਕੌਰ, ਜਸਵਿੰਦਰ ਕੌਰ, ਪੂਨਮ ਰਾਣੀ, ਰਾਜਵਿੰਦਰ ਕੌਰ, ਸ਼ਿਮਲਾ ਰਾਣੀ, ਸ਼ੀਲਾ ਰਾਣੀ, ਸਰਬਜੀਤ ਕੌਰ, ਰਣਜੀਤ ਕੌਰ, ਜਸਬੀਰ ਕੌਰ, ਗੁਰਮੀਤ ਕੌਰ, ਰਾਜਪਾਲ ਕੌਰ ਅਤੇ ਰਜਵੰਤ ਕੌਰ ਮੌਜੂਦ ਸਨ |