ਫ਼ਾਜ਼ਿਲਕਾ, 19 ਅਕਤੂਬਰ (ਦਵਿੰਦਰ ਪਾਲ ਸਿੰਘ)- ਜ਼ਿਲ੍ਹਾ ਪੁਲਿਸ ਮੁਖੀ ਫ਼ਾਜ਼ਿਲਕਾ ਗੁਰਮੀਤ ਸਿੰਘ ਨੇ ਦੱਸਿਆ ਕਿ 21 ਅਕਤੂਬਰ ਦਾ ਦਿਨ ਜੋ ਸਾਰੇ ਭਾਰਤ 'ਚ ਰਾਸ਼ਟਰੀ ਪੁਲਿਸ ਦਿਵਸ ਵੱਜੋਂ ਮਨਾਇਆ ਜਾਂਦਾ ਹੈ, ਇਸ ਦਿਨ ਦਾ ਮਹੱਤਵ ਹੈ ਕਿ 21 ਅਕਤੂਬਰ 1959 ਨੂੰ ਚੀਨ ਵਿਰੁੱਧ ਲੜਾਈ ਦੌਰਾਨ ਲੇਹ ਲਦਾਖ਼ ਦੇ ਹੋਟ ਸਪਰਿੰਗ ਇਲਾਕਾ 'ਚ ਤਾਇਨਾਤ ਕੀਤੇ ਗਏ ਜਵਾਨਾਂ ਦੀ ਇੱਕ ਟੁਕੜੀ 'ਤੇ ਚੀਨ ਵਲੋਂ ਅਚਾਨਕ ਘਾਤ ਲਗਾ ਕੇ ਹਮਲਾ ਕੀਤਾ ਗਿਆ | ਉਨ੍ਹਾਂ ਕਿਹਾ ਕਿ ਭਾਰਤੀ ਪੁਲਿਸ ਦੇ 10 ਜਵਾਨ ਸ਼ਹੀਦ ਹੋ ਗਏ ਸਨ ਜਿਨ੍ਹਾਂ ਦੀ ਯਾਦ ਵਿਚ ਤੇ ਵੱਖ-ਵੱਖ ਡਿਊਟੀਆਂ ਦੌਰਾਨ ਹੋਰ ਸ਼ਹੀਦ ਪੁਲਿਸ ਅਧਿਕਾਰੀਆਂ/ ਕਰਮਚਾਰੀਆਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਸਾਲ 1960 'ਚ ਸਮੂਹ ਸਟੇਟਾਂ ਦੇ ਆਈ.ਜੀ.ਪੀਜ਼. ਦੀ ਕਾਨਫ਼ਰੰਸ 'ਚ ਇਹ ਫ਼ੈਸਲਾ ਕੀਤਾ ਗਿਆ ਕਿ ਹਰ ਸਾਲ ਸਾਰੇ ਦੇਸ਼ 'ਚ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਹੋਰ ਪੁਲਿਸ ਯੂਨਿਟਾਂ ਵਿਚ 21 ਅਕਤੂਬਰ ਨੂੰ ਪੁਲਿਸ ਸ੍ਰਮਿਤੀ ਦਿਵਸ ਵੱਜੋਂ ਮਨਾਇਆ ਜਾਇਆ ਜਾਇਆ ਕਰੇਗਾ | ਇਸ ਲਈ ਇਹਨਾਂ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਤੇ ਸ਼ਰਧਾਂਜਲੀ ਦੇਣ ਲਈ ਮਿਤੀ 21 ਅਕਤੂਬਰ ਦਿਨ ਮੰਗਲਵਾਰ ਨੂੰ ਪੁਲਿਸ ਲਾਈਨ ਫ਼ਾਜ਼ਿਲਕਾ ਵਿਖੇ ਪੁਲਿਸ ਸਮਿ੍ਤੀ ਦਿਵਸ ਵੱਜੋਂ ਮਨਾਇਆ ਜਾਣਾ ਹੈ ਤੇ ਇਹਨਾਂ ਸ਼ਹੀਦ ਅਧਿਕਾਰੀਆਂ/ ਕਰਮਚਾਰੀਆਂ ਨੂੰ ਸ਼ੋਕ ਸਲਾਮੀ ਦਿੱਤੀ ਜਾਵੇਗੀ | ਇਸ ਤੋਂ ਇਲਾਵਾ ਉਹ ਸ਼ਹੀਦ ਕਰਮਚਾਰੀਆਂ ਦੇ ਪਰਿਵਾਰਾਂ ਨਾਲ ਮੀਟਿੰਗ ਕਰਨਗੇ ਤੇ ਉਨ੍ਹਾਂ ਦੀਆਂ ਦੁੱਖ-ਤਕਲੀਫ਼ਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨਗੇ | ਜ਼ਿਲ੍ਹਾ ਫ਼ਾਜ਼ਿਲਕਾ ਦੀ ਸਮੂਹ ਪੁਲਿਸ ਵਲੋਂ 21 ਅਕਤੂਬਰ ਨੂੰ ਇਹ ਪ੍ਰਣ ਲਿਆ ਜਾਵੇਗਾ ਕਿ ਸ਼ਹੀਦ ਕਰਮਚਾਰੀਆਂ ਦੀਆਂ ਕੁਰਬਾਨੀਆਂ ਦੇ ਰਾਹ ਤੇ ਚੱਲਦੇ ਹੋਏ, ਦੇਸ਼ ਦੇ ਅਮਨ ਕਾਨੂੰਨ ਨੂੰ ਬਰਕਰਾਰ ਰੱਖਣਗੇ ਤੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਨਗੇ |