ਅਬੋਹਰ, 19 ਅਕਤੂਬਰ (ਸੁਖਜੀਤ ਸਿੰਘ ਬਰਾੜ)- ਮਾਰਕੀਟ ਕਮੇਟੀ ਅਬੋਹਰ ਅਧੀਨ ਆਉਂਦੀਆਂ 91 ਕਿੱਲੋਮੀਟਰ ਪੇਂਡੂ ਸੜਕਾਂ ਦੇ ਨਵੀਨੀਕਰਨ ਦਾ ਕੰਮ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਮਾਰਕੀਟ ਕਮੇਟੀ ਅਬੋਹਰ ਦੇ ਚੇਅਰਮੈਨ ਉਪਕਾਰ ਸਿੰਘ ਜਾਖੜ ਨੇ ਕਿਹਾ ਕਿ ਇਹ ਕੰਮ ਆਉਂਦੇ ਦੋ ਮਹੀਨਿਆਂ 'ਚ ਮੁਕੰਮਲ ਕਰ ਲਿਆ ਜਾਵੇਗਾ | ਇਸ ਤੋਂ ਇਲਾਵਾ ਮਾਰਕੀਟ ਕਮੇਟੀ ਅਬੋਹਰ ਅਧੀਨ ਆਉਂਦੀਆਂ 12 ਪੇਂਡੂ ਅਨਾਜ ਮੰਡੀਆਂ 'ਚ ਕਰੀਬ 33 ਲੱਖ ਰੁਪਏ ਦੀ ਲਾਗਤ ਨਾਲ 12 ਸ਼ੈੱਡ ਬਣਾਏ ਜਾਣਗੇ | 14 ਮੰਡੀਆਂ 'ਚ 35 ਫੁੱਟ ਲੰਬੇ, 35 ਫੁੱਟ ਚੌੜੇ ਸ਼ੈੱਡ ਬਣਾਏ ਜਾਣਗੇ ਤਾਂ ਕਿ ਅਨਾਜ ਮੰਡੀਆਂ 'ਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ | ਉਨ੍ਹਾਂ ਕਿਹਾ ਕਿ ਅਬੋਹਰ ਦੀ ਅਨਾਜ ਮੰਡੀ 'ਚ ਝੋਨੇ ਦੀ ਵਿੱਕਰੀ ਜ਼ੋਰਾਂ 'ਤੇ ਚੱਲ ਰਹੀ ਹੈ | ਅਸੀਂ ਚਾਹੁੰਦੇ ਹਾਂ ਕਿ ਕਿਸਾਨਾਂ ਨੂੰ ਫ਼ਸਲਾਂ ਵੇਚਣ 'ਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਵੇ | ਜੇਕਰ ਫਿਰ ਵੀ ਕਿਸੇ ਕਿਸਾਨ ਨੂੰ ਫ਼ਸਲ ਵੇਚਣ 'ਚ ਸਮੱਸਿਆ ਆਉਂਦੀ ਹੈ ਤਾਂ ਉਹ ਸਿੱਧਾ ਆ ਕੇ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ |