ਆਓ ਰਲ-ਮਿਲ ਕੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਪ੍ਰਣ ਕਰੀਏ
ਅਜੀਤ ਡੈਸਕ
20-10-2025
ਤਿਉਹਾਰ ਸਾਡੀਆਂ ਭਾਈਚਾਰਕ ਸਾਂਝਾਂ ਨੂੰ ਹੋਰ ਮਜ਼ਬੂਤ ਕਰਦੇ ਹਨ-ਏ.ਡੀ.ਸੀ. ਮਨਦੀਪ ਕੌਰ
ਫ਼ਾਜ਼ਿਲਕਾ ਦੇ ਏ.ਡੀ.ਸੀ. ਮਨਦੀਪ ਕੌਰ ਨੇ ਦੀਵਾਲੀ 'ਤੇ ਬੰਦੀਛੋੜ ਦੇ ਤਿਉਹਾਰ ਦੀਆਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ ਹੈ | ਉਨ੍ਹਾਂ ਕਿਹਾ ਕਿ ਅਜਿਹੇ ਤਿਉਹਾਰ ਸਾਨੂੰ ਆਪਸ ਵਿਚ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਜਿਸ ਨਾਲ ਸਾਡੀਆਂ ਸਦੀਆਂ ਤੋਂ ਚੱਲੀ ਆ ਰਹੀ ਭਾਈਚਾਰਕ ਸਾਂਝ ਦੀਆਂ ਤੰਦਾਂ ਹੋਰ ਮਜ਼ਬੂਤ ਹੋਣ | ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸਾਨੂੰ ਮਨਾਂ ਦੀ ਕੁੜੱਤਣ ਕੱਢਣ ਦਾ ਉਪਦੇਸ਼ ਵੀ ਦਿੰਦੇ ਹਨ | ਉਨ੍ਹਾਂ ਅਜਿਹੇ ਤਿਉਹਾਰਾਂ ਮੌਕੇ ਹਰ ਨਾਗਰਿਕ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ | ਵਾਤਾਵਰਨ ਦੂਸ਼ਿਤ ਹੋਣ ਤੋਂ ਬਚਾਉਣ ਲਈ ਸਾਨੂੰ ਧੂੰਆਂ ਰਹਿਤ ਪਟਾਕੇ ਚਲਾਉਣੇ ਚਾਹੀਦੇ ਹਨ ਤਾਂ ਜੋ ਗੰਧਲੇ ਹੋ ਰਹੇ ਵਾਤਾਵਰਨ ਨੂੰ ਬਚਾਇਆ ਜਾ ਸਕੇ |
ਤਿਉਹਾਰਾਂ ਮੌਕੇ ਪਟਾਕਿਆਂ 'ਤੇ ਫ਼ਿਜ਼ੂਲ ਖ਼ਰਚੇ ਕਰੀਏ-ਐੱਸ.ਡੀ.ਐਮ. ਵੀਰਪਾਲ ਕੌਰ
ਐੱਸ.ਡੀ.ਐਮ. ਫ਼ਾਜ਼ਿਲਕਾ ਵੀਰਪਾਲ ਕੌਰ ਨੇ ਲੋਕਾਂ ਨੂੰ ਵਧਾਈ ਸੰਦੇਸ਼ ਦਿੰਦਿਆਂ ਤਿਉਹਾਰਾਂ ਦੇ ਮਹੱਤਵ ਨੂੰ ਸਮਝਦਿਆਂ ਇਹ ਤਿਉਹਾਰ ਆਪਸੀ ਪ੍ਰੇਮ ਪਿਆਰ ਨਾਲ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਪਛੜੀ ਸੱਭਿਆਚਾਰ ਨੇ ਸਾਡੇ ਤਿਉਹਾਰਾਂ ਨੇ ਵੀ ਕਈ ਰੰਗਾਂ ਨੂੰ ਫਿੱਕਾ ਕੀਤਾ ਹੈ ਤੇ ਸਾਨੂੰ ਆਪਣਾ ਵਿਰਸਾ ਸੰਭਾਲਦਿਆਂ ਆਪਣੇ ਪੁਰਾਤਨ ਸੱਭਿਆਚਾਰ ਨੂੰ ਕਾਇਮ ਰੱਖਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਤਿਉਹਾਰਾਂ ਮੌਕੇ ਲੋਕ ਲੱਖਾਂ ਰੁਪਏ ਦੇ ਪਟਾਕੇ ਫ਼ੂਕ ਦਿੰਦੇ ਹਨ ਜਿਸ ਨਾਲ ਵਾਤਾਵਰਨ ਦੂਸ਼ਿਤ ਹੁੰਦਾ ਹੈ | ਚੰਗਾ ਹੋਵੇ ਜੇ ਅਸੀਂ ਅਜਾਈਾ ਜਾਂਦੇ ਪੈਸੇ ਦੀ ਵਰਤੋਂ ਲੋੜਵੰਦ ਵਿਦਿਆਰਥੀਆਂ ਲਈ ਕਰੀਏ ਜਿਸ ਨਾਲ ਉਹ ਪੜ੍ਹ ਲਿਖ ਕੇ ਜਿੱਥੇ ਆਪਣਾ ਪਰਿਵਾਰ ਪਾਲਨਗੇ ਉੱਥੇ ਹੀ ਚੰਗੇ ਸਮਾਜ ਦੀ ਸਿਰਜਨਾ ਵੱਲ ਵਧਾਂਗੇ |
ਤਿਉਹਾਰਾਂ ਤੋਂ ਸਾਨੂੰ ਸੇਧ ਲੈ ਕੇ ਚੰਗੇ ਕੰਮਾਂ ਵੱਲ ਵਧਣਾ ਚਾਹੀਦਾ ਹੈ- ਜਾਖੜ
ਫ਼ਾਜ਼ਿਲਕਾ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਉਪਕਾਰ ਸਿੰਘ ਜਾਖੜ ਨੇ ਦੀਵਾਲੀ 'ਤੇ ਬੰਦੀਛੋੜ ਦਿਹਾੜੇ ਮੌਕੇ ਸਮੂਹ ਪੰਜਾਬੀਆਂ ਨੂੰ ਵਧਾਈ ਸੰਦੇਸ਼ ਦਿੰਦਿਆਂ ਆਪਸੀ ਏਕਤਾ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ | ਸ੍ਰੀ ਜਾਖੜ ਨੇ ਕਿਹਾ ਕਿ ਜਿਸ ਤਰ੍ਹਾਂ ਬੰਦੀਛੋੜ ਤੇ ਦੀਵਾਲੀ ਮਨਾਉਣ ਦਾ ਪੁਰਾਤਨ ਇਤਿਹਾਸ ਹੈ ਉਸ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ | ਗੁਰੂ ਸਾਹਿਬ ਨੇ ਗਵਾਲੀਅਰ ਦੇ ਕਿੱਲੇ 'ਚੋਂ ਪਹਾੜੀ ਰਾਜਿਆਂ ਨੂੰ ਰਿਹਾਅ ਕਰਵਾ ਕੇ ਇਕ ਪਰਉਪਕਾਰੀ ਕੰਮ ਕੀਤਾ | ਦੀਵਾਲੀ ਦਾ ਤਿਉਹਾਰ ਸਮਾਜ ਵਿਚ ਆਪਣਾ ਵਿਸ਼ੇਸ਼ ਮਹੱਤਵ ਰੱਖਦਾ ਹੈ | ਸਾਨੂੰ ਇਨ੍ਹਾਂ ਤਿਉਹਾਰਾਂ ਮੌਕੇ ਚੰਗੇ ਕੰਮ ਕਰਨੇ ਚਾਹੀਦੇ ਹਨ | ਬੁਰਾਈ ਨੂੰ ਛੱਡ ਕੇ ਸਚਾਈ ਵੱਲ ਤੁਰਨਾ ਚਾਹੀਦਾ ਹੈ ਤਾਂ ਹੀ ਇਨ੍ਹਾਂ ਤਿਉਹਾਰਾਂ ਤੋਂ ਆਉਣ ਵਾਲੀ ਸਾਡੀ ਪੀੜ੍ਹੀ ਚੰਗੀ ਸੇਧ ਲਵੇਗੀ | ਉਨ੍ਹਾਂ ਵਾਤਾਵਰਨ ਦੀ ਸ਼ੁੱਧਤਾ ਵੱਲ ਵੀ ਵਿਸ਼ੇਸ਼ ਧਿਆਨ ਰੱਖਣ ਲਈ ਪ੍ਰੇਰਿਤ ਕੀਤਾ |
ਤਿਉਹਾਰ ਸਾਨੂੰ ਮਨੁੱਖਤਾ ਦੀ ਸੇਵਾ ਕਰਨ ਦਾ ਉਦੇਸ਼ ਦਿੰਦੇ ਹਨ- ਕੌਂਸਲਰ ਪੂਜਾ ਲੂਥਰਾ
ਫ਼ਾਜ਼ਿਲਕਾ ਇਲਾਕੇ ਅੰਦਰ ਸਮਾਜਸੇਵੀ ਕੰਮਾਂ ਨੂੰ ਸਮਰਪਿਤ ਕੌਂਸਲਰ ਪੂਜਾ ਲੂਥਰਾ ਨੇ ਦੀਵਾਲੀ ਅਤੇ ਬੰਦੀਛੋੜ ਦੇ ਤਿਉਹਾਰ ਦੀਆਂ ਸਮੂਹ ਇਲਾਕਾ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ ਹੈ | ਉਨ੍ਹਾਂ ਕਿਹਾ ਕਿ ਤਿਉਹਾਰ ਸਾਨੂੰ ਮਨੁੱਖਤਾ ਦੀ ਸੇਵਾ ਕਰਨ ਦਾ ਉਪਦੇਸ਼ ਦਿੰਦੇ ਹਨ | ਸਾਨੂੰ ਇਨ੍ਹਾਂ ਉਪਦੇਸ਼ਾਂ 'ਤੇ ਚੱਲਦਿਆਂ ਸਮਾਜ ਅੰਦਰ ਵੱਧ ਤੋਂ ਵੱਧ ਲੋਕ ਸੇਵਾ ਵੱਲ ਅੱਗੇ ਵਧਣਾ ਚਾਹੀਦਾ ਹੈ | ਉਨ੍ਹਾਂ ਨਾਲ ਹੀ ਕਿਹਾ ਕਿ ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਤੋਂ ਵੀ ਬੇਮੁਖ ਨਹੀਂ ਹੋਣਾ ਚਾਹੀਦਾ | ਉਨ੍ਹਾਂ ਕਿਹਾ ਕਿ ਸਮਾਜ ਅੰਦਰ ਲੋਕ ਸੇਵਾ ਕਰਨ ਵਾਲੇ ਵਿਅਕਤੀ ਨੂੰ ਜਿੱਥੇ ਮਾਨਸਿਕ ਸ਼ਾਂਤੀ ਮਿਲਦੀ ਹੈ ਉੱਥੇ ਹੀ ਸਮਾਜ ਅੰਦਰ ਆਪਣੀ ਦਿੱਖ ਵੀ ਨਿਖਾਰਦਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਪਟਾਕਿਆਂ ਵਰਗੇ ਫ਼ਜ਼ੂਲ ਖ਼ਰਚ ਤੋਂ ਨਿਕਲ ਕੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤੇ ਉਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ ਜਿਸ ਨਾਲ ਭਵਿੱਖ ਦੀ ਜਵਾਨੀ ਨੂੰ ਲਾਭ ਮਿਲੇਗਾ |
ਪੇਸ਼ਕਸ਼- ਦਵਿੰਦਰ ਪਾਲ ਸਿੰਘ ਜ਼ਿਲ੍ਹਾ ਇੰਚਾਰਜ