ਗੁਰੂਹਰਸਹਾਏ, 4 ਨਵੰਬਰ (ਕਪਿਲ ਕੰਧਾਰੀ)-ਰਾਧੇ ਸ਼ਾਮ ਸੇਵਾ ਸੰਘ ਵਲੋਂ ਅਨਿਲ ਹਾਂਡਾ ਮੁੱਖ ਸੇਵਾਦਾਰ ਦੀ ਅਗਵਾਈ ਹੇਠ ਸ਼ਹਿਰ ਦੀ ਭੰਡਾਰੀਆ ਵਾਲੀ ਗਲੀ ਵਿਚ ਬਾਬਾ ਸ਼੍ਰੀ ਖਾਟੂ ਸ਼ਾਮ ਦਾ ਜਨਮ ਦਿਵਸ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਅਨਿਲ ਹਾਂਡਾ ਨੇ ਦੱਸਿਆ ਕਿ ਹਾਰੇ ਕੇ ਸਹਾਰੇ ਬਾਬਾ ਖਾਟੂ ਸ਼ਾਮ ਦਾ ਜਨਮ ਦਿਵਸ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਰਾਧੇ ਸ਼ਾਮ ਸੇਵਾ ਸੰਘ ਦੇ ਸਮੂਹ ਮੈਂਬਰਾਂ ਵਲੋਂ ਮਨਾਇਆ ਗਿਆ | ਇਸ ਮੌਕੇ ਬਾਬਾ ਖਾਟੂ ਸ਼ਾਮ ਦਾ ਸੁੰਦਰ ਦਰਬਾਰ ਸਜਾਇਆ ਗਿਆ ਜੋ ਕਿ ਵਿਸ਼ੇਸ਼ ਤੋਰ 'ਤੇ ਸਿਰਸਾ ਤੋਂ ਲਿਆਂਦਾ ਗਿਆ ਸੀ | ਉਨ੍ਹਾਂ ਦੱਸਿਆ ਕਿ ਇਸ ਮੌਕੇ ਵੱਡੀ ਗਿਣਤੀ ਵਿਚ ਪਹੁੰਚੀ ਸੰਗਤ ਵਲੋਂ ਦਰਬਾਰ 'ਤੇ ਮੱਥਾ ਟੇਕਿਆ | ਉਨ੍ਹਾਂ ਦੱਸਿਆ ਕਿ ਇਸ ਮੌਕੇ ਭਜਨਾਂ ਦਾ ਗੁਣਗਾਨ ਕਰਨ ਦੇ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ ਚਿੰਤਪੁਰਨੀ ਸੇਵਕ ਸਭਾ ਜਲਾਲਾਬਾਦ ਅਤੇ ਦੀਪਕਾ ਸਿੰਗਲਾ ਮੋਨਾ ਵਲੋਂ ਸੁੰਦਰ-ਸੁੰਦਰ ਭਜਨਾਂ ਦਾ ਗੁਣਗਾਨ ਕੀਤਾ ਗਿਆ ਅਤੇ ਸੰਗਤ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ | ਇਸ ਮੌਕੇ ਸੰਘ ਵਲੋਂ ਸੰਗਤ ਨੂੰ ਪੂੜੀਆਂ ਅਤੇ ਕੌਫ਼ੀ ਦਾ ਲੰਗਰ ਵੀ ਛਕਾਇਆ ਗਿਆ ਅਤੇ ਰਾਤ ਨੂੰ 12 ਵਜੇ ਰਾਧੇ ਸ਼ਾਮ ਸੇਵਾ ਸੰਘ ਵਲੋਂ ਬਾਬਾ ਖਾਟੁੂ ਸ਼ਾਮ ਦੇ ਜਨਮ ਦਿਵਸ ਨੂੰ ਲੈ ਕੇ ਬਣਾਏ ਗਏ 21 ਕਿੱਲੋ ਦਾ ਕੇਕ ਕੱਟਿਆ ਗਿਆ ਅਤੇ ਭੋਗ ਲਗਾ ਕੇ ਸੰਗਤ ਨੂੰ ਵੰਡਿਆ ਗਿਆ |