ਗੁਰੂਹਰਸਹਾਏ, 4 ਨਵੰਬਰ(ਹਰਚਰਨ ਸਿੰਘ ਸੰਧੂ)-ਬਲਾਕ ਗੁਰੂਹਰਸਹਾਏ ਦੇ ਖੇਤੀਬਾੜੀ ਵਿਕਾਸ ਅਫਸਰ ਅਮਨਦੀਪ ਸਿੰਘ ਕੰਬੋਜ ਅਤੇ ਏ.ਐੱਸ.ਆਈ. ਜਰਮਨਜੀਤ ਸਿੰਘ ਵਲੋਂ ਪਿੰਡ ਮਾੜੇ ਖ਼ੁਰਦ (ਜਵਾਏ ਸਿੰਘ ਵਾਲਾ) ਦੇ ਖੇਤਾਂ ਦਾ ਦੌਰਾ ਕੀਤਾ | ਇਸ ਦੌਰਾਨ ਕਿਸਾਨ ਕੁਲਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਦੇ 5 ਏਕੜ ਖੇਤ ਵਿਚ ਛੋਟੇ ਬੇਲਰ ਦੀ ਮਦਦ ਦੇ ਨਾਲ ਝੋਨੇ ਦੀ ਪਰਾਲੀ ਦੇ ਰਾਲੀਏ ਦੀਆਂ ਗੱਠਾਂ ਬਣਾ ਕੇ ਖੇਤ ਵਿਚੋਂ ਬਾਹਰ ਕੱਢੀਆਂ ਗਈਆਂ | ਇਸ ਦੇ ਉਪਰੰਤ ਉਹਨਾਂ ਨੇ ਬਾਕੀ ਦੇ ਝੋਨੇ ਦੇ ਕਰਚਿਆਂ ਨੂੰ ਨੂੰ ਮਲਚਰ ਦੀ ਮਦਦ ਨਾਲ ਖੇਤ ਵਿਚ ਦਬਾ ਕੇ ਉੱਪਰ ਦੀ ਸੁਪਰ ਸੀਡਰ ਦੀ ਵਰਤੋਂ ਨਾਲ ਕਣਕ ਦੀ ਬਿਜਾਈ ਕੀਤੀ ਗਈ | ਜਰਮਨਜੀਤ ਸਿੰਘ ਏ.ਐੱਸ.ਆਈ. ਨੇ ਦੱਸਿਆ ਕਿ ਇਸ ਵਿਧੀ ਨਾਲ ਕਿਸਾਨ ਵੀਰਾਂ ਦੀ ਘੱਟ ਖ਼ਰਚੇ ਨਾਲ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ | ਜਿਸ ਨਾਲ ਉਹਨਾਂ ਦੇ ਖੇਤ ਵਿਚ ਕਾਫੀ ਹੱਦ ਤੱਕ ਜਰੂਰੀ ਤੱਤ ਫਾਸਫੋਰਸ, ਪੋਟਾਸ਼, ਨਾਈਟਰੋਜਨ, ਛੋਟੇ ਤੱਤ ਅਤੇ ਜੈਵਿਕ ਕਾਰਬਨ ਮਾਦਾ ਵੀ ਉਹਨਾਂ ਦੇ ਖੇਤ ਵਿਚ ਹੀ ਰਹਿ ਜਾਂਦਾ ਹੈ ਜੋ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਂਦਾ ਹੈ | ਇਸ ਨਾਲ ਕਿਸਾਨ ਵੀਰਾਂ ਨੂੰ ਰਸਾਇਣਿਕ ਖਾਦਾਂ 'ਤੇ ਵੀ ਘੱਟ ਨਿਰਭਰ ਹੋਣਾ ਪੈਂਦਾ ਹੈ | ਉਹਨਾਂ ਨੇ ਅਪੀਲ ਕੀਤੀ ਕਿ ਹੋਰ ਕਿਸਾਨ ਵੀਰਾਂ ਨੂੰ ਵੀ ਇਹੋ ਜਿਹੀਆਂ ਵੱਖ-ਵੱਖ ਝੋਨੇ ਦੀ ਪਰਾਲੀ ਨੂੰ ਸੰਭਾਲਣ ਲਈ ਮੈਨੇਜਮੈਂਟ ਵਿਧੀਆਂ ਅਪਣਾ ਕੇ ਪਰਾਲੀ ਨੂੰ ਬਿਨਾਂ ਅੱਗ ਲਗਾਏ ਆਪਣੇ ਖੇਤਾਂ ਵਿਚ ਫ਼ਸਲਾਂ ਦੀ ਬਿਜਾਈ ਕਰਨੀ ਚਾਹੀਦੀ ਹੈ | ਪਿੰਡ ਦੇ ਕਿਸਾਨਾਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਉਹ ਆਪਣੇ ਖੇਤਾਂ ਵਿਚ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਖੇਤ ਵਿਚ ਜਜ਼ਬ ਕਰ ਰਹੇ ਹਨ | ਉਹਨਾਂ ਨੇ ਕਿਹਾ ਕਿ ਖੇਤੀਬਾੜੀ ਵਿਕਾਸ ਅਫਸਰ ਅਮਨਦੀਪ ਸਿੰਘ ਕੰਬੋਜ ਅਤੇ ਏ.ਐੱਸ.ਆਈ. ਜਰਮਨਜੀਤ ਸਿੰਘ ਦੇ ਸਹਿਯੋਗ ਬਦੌਲਤ ਹੀ ਕਿਸਾਨਾਂ ਨੇ ਝੋਨੇ ਦੀ ਪਰਾਲੀ ਨੂੰ ਸੰਭਾਲਣ ਲਈ ਵੱਖ-ਵੱਖ ਮੈਨੇਜਮੈਂਟ ਵਿਧੀਆਂ ਰਾਹੀਂ ਤਕਨੀਕਾਂ ਨੂੰ ਅਪਨਾਉਣ ਵਿਚ ਅੱਗੇ ਆ ਰਹੇ ਹਨ |