ਗੁਰੂਹਰਸਹਾਏ, 4 ਨਵੰਬਰ(ਹਰਚਰਨ ਸਿੰਘ ਸੰਧੂ)-ਜੇ.ਕੇ.ਐੱਸ ਪਬਲਿਕ ਸਕੂਲ ਗੁਰੂਹਰਸਹਾਏ ਵਿਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬਹੁਤ ਸ਼ਰਧਾ ਅਤੇ ਖ਼ੁਸ਼ੀ ਨਾਲ ਮਨਾਇਆ | ਇਸ ਮੌਕੇ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਆਯੋਜਿਤ ਕੀਤੇ ਗਏ | ਜਿਸ ਵਿਚ ਵਿਦਿਆਰਥੀਆਂ ਨੇ ਜਪੁਜੀ ਸਾਹਿਬ, ਚੌਪਈ ਸਾਹਿਬ ਅਤੇ ਅਨੰਦ ਸਾਹਿਬ ਦੇ ਪਾਠ ਪੂਰੀ ਸ਼ਰਧਾ ਨਾਲ ਕੀਤੇ | ਵਿਦਿਆਰਥੀਆਂ ਦੇ ਸ਼ਬਦ ਗਾਇਣ ਨੇ ਮਾਹੌਲ ਨੂੰ ਸ਼ਰਧਾ ਨਾਲ ਭਰ ਦਿੱਤਾ | ਪਾਠ ਦੇ ਸਮਾਪਤ ਹੋਣ 'ਤੇ ਵਿਦਿਆਰਥੀਆਂ ਵਿਚ ਪ੍ਰਸ਼ਾਦ ਵੰਡਿਆ ਗਿਆ | ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ-ਸੱਚ, ਦਇਆ, ਸੇਵਾ ਅਤੇ ਸਮਾਨਤਾ-ਪ੍ਰਤੀ ਵਿਸ਼ਵਾਸ ਅਤੇ ਪਾਲਨਾ ਦੀ ਭਾਵਨਾ ਪੈਦਾ ਕਰਨਾ ਸੀ | ਇਸ ਤੋਂ ਇਲਾਵਾ 8ਵੀਂ ਅਤੇ 9ਵੀਂ ਜਮਾਤ ਦੇ ਵਿਦਿਆਰਥੀਆਂ ਨੇ ਸ਼ਹਿਰ ਭਰ ਵਿਚ ਗੁਰਦੁਆਰੇ ਵਲੋਂ ਆਯੋਜਿਤ ਨਗਰ ਕੀਰਤਨ ਵਿਚ ਸਰਗਰਮੀ ਨਾਲ ਹਿੱਸਾ ਲਿਆ | ਉਨ੍ਹਾਂ ਨੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਜਨਤਾ ਤੱਕ ਫੈਲਾਉਣ ਦਾ ਸੁੰਦਰ ਸੰਦੇਸ਼ ਦਿੱਤਾ | ਸਕੂਲ ਦੇ ਪਿ੍ੰਸੀਪਲ, ਸ਼੍ਰੀਮਤੀ ਮੀਨੂੰ ਮੋਂਗਾ ਨੇ ਵਿਦਿਆਰਥੀਆਂ ਦੀ ਭਾਗੀਦਾਰੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਜੀਵਨ ਲਈ ਸਹੀ ਦਿਸ਼ਾ ਪ੍ਰਦਾਨ ਕਰਦੀਆਂ ਹਨ ਅਤੇ ਮਨੁੱਖਤਾ, ਪਿਆਰ ਅਤੇ ਏਕਤਾ ਦਾ ਮਾਰਗ ਦਿਖਾਉਂਦੀਆਂ ਹਨ | ਸਾਨੂੰ ਉਹਨਾਂ ਵਲੋਂ ਦਿਖਾਏ ਮਾਰਗ 'ਤੇ ਚੱਲ ਕੇ ਆਪਣੇ ਜੀਵਨ ਨੂੰ ਸਾਰਥਕ ਬਣਾਉਣਾ ਚਾਹੀਦਾ ਹੈ |