ਖੋਸਾ ਦਲ ਸਿੰਘ, 4 ਨਵੰਬਰ (ਮਨਪ੍ਰੀਤ ਸਿੰਘ ਸੰਧੂ)-ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਐੱਸ.ਐੱਸ.ਐੱਮ ਗਰੁੱਪ ਆਫ਼ ਸਕੂਲ ਕੱਸੋਆਣਾ ਵਿਖੇ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਜਪੁਜੀ ਸਾਹਿਬ ਦੇ ਪਾਠ ਤੋਂ ਉਪਰੰਤ ਗੁਰੂ ਜੀ ਦੇ ਜੀਵਨ ਨਾਲ ਸੰਬੰਧਿਤ ਕਵੀਸ਼ਰੀ, ਸ਼ਬਦ ਅਤੇ ਧਾਰਮਿਕ ਗੀਤ ਦਾ ਗਾਇਣ ਸਕੂਲ ਦੇ ਵਿਦਿਆਰਥੀਆਂ ਵਲੋਂ ਕੀਤਾ ਗਿਆ | ਅਰਦਾਸ ਤੋਂ ਉਪਰੰਤ ਸਕੂਲ ਦੇ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਦੇ ਲਈ ਦਸਤਾਰਬੰਦੀ ਮੁਕਾਬਲੇ ਵੀ ਕਰਵਾਏ ਗਏ | ਜਿਸ 'ਚ 60 ਵਿਦਿਆਰਥੀਆਂ ਨੇ ਭਾਗ ਲਿਆ | ਦਸਤਾਰ ਮੁਕਾਬਲੇ ਵਿਚ ਪਹਿਲੇ ਨੰਬਰ 'ਤੇ ਸੱਤਵੀਂ ਜਮਾਤ ਦਾ ਵਿਦਿਆਰਥੀ ਅਨਮੋਲਦੀਪ ਸਿੰਘ, ਦੂਸਰੇ ਨੰਬਰ ਉੱਪਰ ਸੱਤਵੀਂ ਜਮਾਤ ਦਾ ਵਿਦਿਆਰਥੀ ਸੁਖਬੀਰ ਸਿੰਘ ਅਤੇ ਤੀਸਰੇ ਨੰਬਰ ਉੱਤੇ ਅੱਠਵੀਂ ਜਮਾਤ ਦਾ ਵਿਦਿਆਰਥੀ ਦਿਲਾਵਰ ਸਿੰਘ ਰਹੇ | ਲੜਕੀਆਂ ਦੇ ਦੁਮਾਲਾ ਸਜਾਉਣ ਮੁਕਾਬਲੇ ਵਿਚ ਪਹਿਲੇ ਨੰਬਰ ਉੱਪਰ ਅੱਠਵੀਂ ਜਮਾਤ ਦੀ ਵਿਦਿਆਰਥਣ ਹਰਵੀਰ ਕੌਰ, ਦੂਸਰੇ ਨੰਬਰ ਉੱਪਰ ਛੇਵੀਂ ਜਮਾਤ ਦੀ ਵਿਦਿਆਰਥਣ ਤਰਨਵੀਰ ਕੌਰ ਅਤੇ ਤੀਸਰੇ ਨੰਬਰ ਉੱਪਰ ਛੇਵੀਂ ਜਮਾਤ ਦੀ ਵਿਦਿਆਰਥਣ ਗੁਰਲੀਨ ਕੌਰ ਰਹੀਆਂ | ਇਸ ਮੁਕਾਬਲੇ ਵਿਚ ਛੇਵੀਂ ਜਮਾਤ ਦੇ ਵਿਦਿਆਰਥੀ ਗੁਰਜੀਵਨ ਸਿੰਘ ਨੂੰ ਇਕ ਵਿਸ਼ੇਸ਼ ਸਨਮਾਨ ਵੀ ਦਿੱਤਾ ਗਿਆ | ਦਸਤਾਰਬੰਦੀ ਮੁਕਾਬਲੇ ਵਿਚ ਗੁਰਸ਼ਰਨਦੀਪ ਸਿੰਘ ਨੇ ਜੱਜ ਦੀ ਭੂਮਿਕਾ ਨਿਭਾਈ | ਇਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਸੰਸਥਾ ਮੁਖੀ ਕੰਵਲਜੀਤ ਸਿੰਘ, ਰਵਿੰਦਰ ਸਿੰਘ (ਪਿ੍ੰਸੀਪਲ ਪੰਜਾਬ ਸਕੂਲ ਸਿੱਖਿਆ ਬੋਰਡ), ਸਿਮਰਨਜੀਤ ਕੌਰ (ਪਿ੍ੰਸੀਪਲ ਸੀ.ਬੀ.ਐੱਸ.ਸੀ), ਮੈਡਮ ਸੰਗੀਤਾ (ਇੰਚਾਰਜ ਪਲੇਅ-ਵੇ) ਵਲੋਂ ਸਨਮਾਨਿਤ ਕੀਤਾ ਗਿਆ | ਇਸ ਪ੍ਰੋਗਰਾਮ ਦਾ ਸੰਚਾਲਨ ਐਕਟੀਵਿਟੀ ਇੰਚਾਰਜ ਗੁਰਪ੍ਰੀਤ ਸਿੰਘ ਦੁਆਰਾ ਕੀਤਾ ਗਿਆ | ਮੰਚ ਸੰਚਾਲਕ ਦੀ ਭੂਮਿਕਾ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥੀਆਂ ਲਵਲੀਸ਼ ਕੌਰ ਅਤੇ ਰਮਨਦੀਪ ਕੌਰ ਦੁਆਰਾ ਨਿਭਾਈ ਗਈ | ਅਖੀਰ ਵਿਚ ਸੰਸਥਾ ਮੁਖੀ ਕੰਵਲਜੀਤ ਸਿੰਘ ਵਲੋਂ ਵਿਦਿਆਰਥੀਆਂ ਨੂੰ ਗੁਰੂ ਜੀ ਦੇ ਸਿਧਾਂਤਾਂ ਉੱਪਰ ਚੱਲਣ ਅਤੇ ਕਿਰਤ ਦੇ ਸਿਧਾਂਤ ਨੂੰ ਅਪਣਾਉਣ ਲਈ ਅਪੀਲ ਵੀ ਕੀਤੀ ਗਈ | ਇਸ ਮੌਕੇ ਕੈਮਰਾਮੈਨ ਦੀ ਭੂਮਿਕਾ ਸਕੂਲ ਅਧਿਆਪਕ ਰਜਤ ਗੁਪਤਾ ਅਤੇ ਦਸਵੀਂ ਜਮਾਤ ਦੇ ਵਿਦਿਆਰਥੀ ਗੁਰਸ਼ਾਨ ਸਿੰਘ ਦੁਆਰਾ ਨਿਭਾਈ ਗਈ |