ਫਾਜ਼ਿਲਕਾ, 22 ਦਸੰਬਰ (ਦਵਿੰਦਰ ਪਾਲ ਸਿੰਘ)-ਸਿਹਤ ਵਿਭਾਗ ਫ਼ਾਜ਼ਿਲਕਾ ਵਲੋਂ ਸੈਂਸ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਅਤੇ ਫ਼ੀਲਡ ਸਟਾਫ਼ ਦੀ ਸਮਰੱਥਾ ਵਧਾਉਣ ਦੇ ਉਦੇਸ਼ ਨਾਲ ਇਕ ਵਿਸ਼ੇਸ਼ ਜਾਗਰੂਕਤਾ ਅਤੇ ਟਰੇਨਿੰਗ ਸੈਸ਼ਨ ਦਾ ਆਯੋਜਨ ਕੀਤਾ ਗਿਆ | ਇਸ ਸੈਸ਼ਨ ਦੌਰਾਨ ਫ਼ੀਲਡ ਸਟਾਫ਼ ਨੂੰ ਸੈਂਸ ਪ੍ਰੋਗਰਾਮ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ. ਸਿਵਲ ਸਰਜਨ ਡਾ. ਕਵਿਤਾ ਸਿੰਘ ਦੀ ਪ੍ਰਧਾਨਗੀ ਵਿਚ ਹੋਏ ਪ੍ਰੋਗਰਾਮ ਵਿਚ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾਕਟਰ ਰਿੰਕੂ ਚਾਵਲਾ ਅਤੇ ਸਿਵਲ ਹਸਪਤਾਲ ਦੇ ਮੈਡੀਸਨ ਸਪੈਸ਼ਲਿਸਟ ਡਾਕਟਰ ਅਭੀਨਵ ਸਚਦੇਵਾ ਨੇ ਡੱਬਵਾਲਾ ਕਲਾਂ ਦੇ ਏ.ਐਨ.ਐੱਮ ਸਟਾਫ਼ ਨੂੰ ਜਾਣਕਾਰੀ ਦਿੱਤੀ ਗਈ | ਉਨ੍ਹਾਂ ਕਿਹਾ ਕਿ ਖਾਂਸੀ ਅਤੇ ਜ਼ੁਕਾਮ ਦਾ ਵਧਣਾ, ਤੇਜ਼ੀ ਨਾਲ ਸਾਹ ਲੈਣਾ ਜਾਂ ਸਾਹ ਲੈਣ ਵਿਚ ਮੁਸ਼ਕਿਲ, ਤੇਜ਼ ਬੁਖ਼ਾਰ, ਸੁਸਤੀ ਅਤੇ ਨਿੰਦ ਆਉਣਾ ਆਦਿ ਲੱਛਣ ਆਉਣ ਤਾਂ ਡਾਕਟਰ ਨਾਲ ਸੰਪਰਕ ਕਰੋ. ਨਮੂਨੀਆ ਦੀ ਜਲਦੀ ਪਹਿਚਾਣ ਨਾਲ ਇਸ ਬਾਰੇ ਕਾਬੂ ਪਾਇਆ ਜਾ ਸਕਦਾ ਹੈ | ਟਰੇਨਿੰਗ ਦੌਰਾਨ ਫ਼ੀਲਡ ਸਟਾਫ਼ ਨੂੰ ਸੈਂਸ ਪ੍ਰੋਗਰਾਮ ਹੇਠ ਲਾਭਪਾਤਰੀਆਂ ਦੀ ਪਛਾਣ, ਸਹੀ ਜਾਣਕਾਰੀ ਇਕੱਠੀ ਕਰਨ, ਜਾਗਰੂਕਤਾ ਸੁਨੇਹੇ ਪਹੁੰਚਾਉਣ ਅਤੇ ਜ਼ਰੂਰਤਮੰਦ ਵਿਅਕਤੀਆਂ ਨੂੰ ਉਚਿੱਤ ਰੈਫਰਲ ਦੇਣ ਬਾਰੇ ਸਮਝਾਇਆ ਗਿਆ | ਅਧਿਕਾਰੀਆਂ ਨੇ ਜ਼ੋਰ ਦਿੱਤਾ ਕਿ ਸਹੀ ਅਤੇ ਸਮੇਂ ਸਿਰ ਰਿਪੋਰਟਿੰਗ ਨਾਲ ਹੀ ਪ੍ਰੋਗਰਾਮ ਦੀ ਸਫਲਤਾ ਯਕੀਨੀ ਬਣਾਈ ਜਾ ਸਕਦੀ ਹੈ | ਸੈਸ਼ਨ ਦੌਰਾਨ ਇਹ ਵੀ ਦੱਸਿਆ ਗਿਆ ਕਿ ਸੈਂਸ ਪ੍ਰੋਗਰਾਮ ਅਧੀਨ ਕਮਿਊਨਿਟੀ ਪੱਧਰ 'ਤੇ ਜਾਗਰੂਕਤਾ ਬਹੁਤ ਜ਼ਰੂਰੀ ਹੈ ਜਿਸ ਲਈ ਫ਼ੀਲਡ ਸਟਾਫ਼ ਨੂੰ ਪ੍ਰੇਰਿਤ ਕੀਤਾ ਗਿਆ ਕਿ ਉਹ ਲੋਕਾਂ ਨੂੰ ਸਿਹਤ ਸੇਵਾਵਾਂ ਬਾਰੇ ਸਹੀ ਜਾਣਕਾਰੀ ਦੇਣ, ਅਫ਼ਵਾਹਾਂ ਤੋਂ ਦੂਰ ਰਹਿਣ ਅਤੇ ਸਰਕਾਰੀ ਸਿਹਤ ਸੰਸਥਾਵਾਂ 'ਤੇ ਭਰੋਸਾ ਵਧਾਉਣ ਲਈ ਲਗਾਤਾਰ ਯਤਨ ਕਰਨ | ਖ਼ਾਸ ਕਰਕੇ ਜੋਖ਼ਮ ਵਾਲੇ ਵਰਗਾਂ ਤੱਕ ਪਹੁੰਚ ਬਣਾਉਣ ਲਈ ਫ਼ੀਲਡ ਦੌਰਿਆਂ ਨੂੰ ਨਿਯਮਿਤ ਬਣਾਉਣ ਦੀ ਹਦਾਇਤ ਦਿੱਤੀ ਗਈ | ਸਿਹਤ ਅਧਿਕਾਰੀਆਂ ਨੇ ਕਿਹਾ ਕਿ ਸੈਂਸ ਪ੍ਰੋਗਰਾਮ ਦੀ ਸਫਲਤਾ ਲਈ ਟੀਮ ਵਰਕ ਬਹੁਤ ਲਾਜ਼ਮੀ ਹੈ | ਆਸ਼ਾ ਵਰਕਰਾਂ, ਏ.ਐਨ.ਐਮ ਅਤੇ ਹੋਰ ਫ਼ੀਲਡ ਕਰਮਚਾਰੀਆਂ ਵਿਚਕਾਰ ਬਿਹਤਰ ਤਾਲਮੇਲ ਨਾਲ ਹੀ ਮੈਦਾਨੀ ਪੱਧਰ 'ਤੇ ਆਉਣ ਵਾਲੀਆਂ ਚੁਨੌਤੀਆਂ ਦਾ ਹੱਲ ਕੀਤਾ ਜਾ ਸਕਦਾ ਹੈ | ਉਨ੍ਹਾਂ ਨੇ ਫ਼ੀਲਡ ਸਟਾਫ਼ ਨੂੰ ਅਪੀਲ ਕੀਤੀ ਕਿ ਉਹ ਆਪਣੀ ਡਿਊਟੀ ਨੂੰ ਸਮਾਜਿਕ ਜ਼ਿੰਮੇਵਾਰੀ ਸਮਝ ਕੇ ਨਿਭਾਉਣ | ਇਸ ਮੌਕੇ ਫ਼ੀਲਡ ਸਟਾਫ਼ ਵਲੋਂ ਆਪਣੇ ਤਜਰਬੇ ਵੀ ਸਾਂਝੇ ਕੀਤੇ ਗਏ ਅਤੇ ਮੈਦਾਨੀ ਪੱਧਰ 'ਤੇ ਆ ਰਹੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ ਗਈ | ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਫ਼ੀਲਡ ਸਟਾਫ਼ ਦੀਆਂ ਮੁਸ਼ਕਲਾਂ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਉਨ੍ਹਾਂ ਦੇ ਹੱਲ ਲਈ ਉਚਿੱਤ ਕਦਮ ਚੁੱਕੇ ਜਾਣਗੇ | ਅੰਤ ਵਿਚ ਸਿਵਲ ਸਰਜਨ ਡਾਕਟਰ ਕਵਿਤਾ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਜਾਗਰੂਕਤਾ ਅਤੇ ਟਰੇਨਿੰਗ ਪ੍ਰੋਗਰਾਮ ਭਵਿੱਖ ਵਿਚ ਵੀ ਲਗਾਤਾਰ ਕਰਵਾਏ ਜਾਣਗੇ, ਤਾਂ ਜੋ ਫ਼ੀਲਡ ਸਟਾਫ਼ ਨੂੰ ਨਵੀਨਤਮ ਜਾਣਕਾਰੀ ਨਾਲ ਲੈਸ ਕੀਤਾ ਜਾ ਸਕੇ | ਇਸ ਦੌਰਾਨ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਜੇਸ਼ ਕੁਮਾਰ, ਮਾਸ ਮੀਡੀਆ ਬਰਾਂਚ ਤੋਂ ਮਨਬੀਰ ਸਿੰਘ ਅਤੇ ਦਿਵੇਸ਼ ਕੁਮਾਰ ਅਤੇ ਪ੍ਰਕਾਸ਼ ਸਿੰਘ ਹਾਜ਼ਰ ਸੀ |