ਮਮਦੋਟ, 24 ਦਸੰਬਰ (ਰਾਜਿੰਦਰ ਸਿੰਘ ਹਾਂਡਾ)-ਪੰਜਾਬ ਸਰਕਾਰ ਵਲੋਂ ਸਰਕਾਰ ਤੁਹਾਡੇ ਦੁਆਰ ਮੁਹਿੰਮ ਦੀ ਦੋਬਾਰਾ ਸ਼ੁਰੂਆਤ ਕਰਦਿਆਂ ਅੱਜ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਮਮਦੋਟ ਦੇ ਦਫ਼ਤਰ ਵਿਖੇ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ | ਇਸ ਕੈਂਪ ਵਿਚ ਨਾਇਬ ਤਹਿਸੀਲਦਾਰ ਮਮਦੋਟ ਅਵਿਨਾਸ਼ ਚੰਦਰ, ਬੀ.ਡੀ.ਪੀ.ਓ. ਵਿਨੋਦ ਕੁਮਾਰ, ਖੇਤੀਬਾੜੀ ਵਿਕਾਸ ਅਫ਼ਸਰ ਅਮਿੱਤ ਬਜਾਜ, ਸਿਵਲ ਹਸਪਤਾਲ ਮਮਦੋਟ ਦੀਆਂ ਡਾਕਟਰੀ ਟੀਮਾਂ ਸਮੇਤ ਵੱਖ-ਵੱਖ ਵਿਭਾਗਾਂ ਦੇ ਮੁਖੀ ਆਪਣੇ ਦਫ਼ਤਰੀ ਅਮਲੇ ਨਾਲ ਪਹੁੰਚੇ ਹੋਏ ਸਨ, ਜਿਨ੍ਹਾਂ ਵਲੋਂ ਕੈਪ ਵਿਚ ਪਹੁੰਚੇ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਲੋਕਾਂ ਦੇ ਜ਼ਰੂਰੀ ਕੰਮ ਜਿਵੇਂ ਕਿ ਜ਼ਮੀਨਾਂ ਦੇ ਇੰਤਕਾਲ, ਬੁਢਾਪਾ ਪੈਨਸ਼ਨ, ਸ਼ਗਨ ਸਕੀਮਾਂ, ਸਿਹਤ ਵਿਭਾਗ ਅਤੇ ਖੇਤੀਬਾੜੀ ਵਿਭਾਗ ਨਾਲ ਸਬੰਧਿਤ ਕੰਮਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਕਾਰਵਾਈ ਅਮਲ ਵਿਚ ਲਿਆਂਦੀ ਗਈ | ਇਸ ਮੌਕੇ ਨਾਇਬ ਤਹਿਸੀਲਦਾਰ ਦੇ ਰੀਡਰ ਸੋਨੂੰ, ਪਟਵਾਰੀ ਕੁਲਦੀਪ ਸਿੰਘ, ਸੁਖਵਿੰਦਰ ਸਿੰਘ, ਸਿਹਤ ਵਿਭਾਗ ਤੋਂ ਅਮਿੱਤ ਕੰਬੋਜ ਸਮੇਤ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਹਾਜ਼ਰ ਸਨ |