ਮਮਦੋਟ, 26 ਦਸੰਬਰ(ਸੁਖਦੇਵ ਸਿੰਘ ਸੰਗਮ)-ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਕਸਬਾ ਮਮਦੋਟ ਦੇ ਸਿੰਘ ਸਭਾ ਗੁਰਦੁਆਰਾ ਸਾਹਿਬ ਤੋਂ ਵਿਸ਼ੇਸ਼ ਨਗਰ ਕੀਰਤਨ ਸਜਾਇਆ ਗਿਆ | ਫੁੱਲਾਂ ਦੀ ਪਾਲਕੀ 'ਚ ਸਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਏ ਗਏ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਸਾਹਿਬਾਨ ਨੇ ਕੀਤੀ | ਇਸ ਨਗਰ ਕੀਰਤਨ ਵਿਚ ਵੱਡੀ ਗਿਣਤੀ ਅੰਦਰ ਸੰਗਤਾਂ ਨੇ ਹਾਜ਼ਰੀ ਭਰੀ | ਇਹ ਨਗਰ ਕੀਰਤਨ ਮਮਦੋਟ ਤੋਂ ਚੱਲ ਕੇ ਪਿੰਡ ਸਾਹਨ ਕੇ, ਸਵਾਈ ਕੇ, ਸੈਦੇ ਕੇ ਨੌਲ, ਅਲਫੂ ਕੇ ਹਾਮਿਦ ਤੋਂ ਗੁਰਦੁਆਰਾ ਸ੍ਰੀ ਪ੍ਰਗਟ ਸਾਹਿਬ ਵਿਖੇ ਪੁੱਜਿਆ ਜਿੱਥੇ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਵਲੋਂ ਗਤਕੇ ਦੇ ਜੌਹਰ ਦਿਖਾਏ | ਇਸ ਤੋਂ ਬਾਅਦ ਨਗਰ ਕੀਰਤਨ ਪਿੰਡ ਲੱਖੋ ਕੇ ਬਹਿਰਾਮ ਤੋਂ ਹੁੰਦਾ ਹੋਇਆ ਵਾਪਸ ਮਮਦੋਟ ਕੇ ਸੰਪੂਰਨ ਹੋਇਆ | ਨਗਰ ਕੀਰਤਨ ਦੌਰਾਨ ਸੰਗਤਾਂ ਟਰੈਕਟਰ ਟਰਾਲੀਆਂ, ਕਾਰਾਂ, ਜੀਪਾਂ ਰਾਹੀ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਚੱਲ ਰਹੇ ਸਨ | ਇਸ ਮੌਕੇ ਪੰਥ ਦੇ ਕਈ ਪ੍ਰਸਿੱਧ ਕਥਾ ਵਾਚਕਾਂ, ਕੀਰਤਨੀ ਜਥਿਆਂ ਅਤੇ ਰਾਗੀ ਢਾਣੀ ਜਥਿਆਂ ਦੁਆਰਾ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨਾਲ ਧਾਰਮਿਕ ਵਿਚਾਰਾਂ ਦੀ ਸਾਂਝ ਪਾਈ | ਇਸ ਦੌਰਾਨ ਪਿੰਡ-ਪਿੰਡ ਵਿਚ ਸੰਗਤਾਂ ਲਈ ਕਈ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ |