ਜਲਾਲਾਬਾਦ,26 ਦਸੰਬਰ (ਕਰਨ ਚੁਚਰਾ)- ਲੋਰੀਅਲ ਇੰਟਰਨੈਸ਼ਨਲ ਸਕੂਲ ਦੇ ਲਵਪ੍ਰੀਤ ਸਿੰਘ ਭੁੱਲਰ ਨੇ ਭੋਪਾਲ ਵਿਚ ਆਯੋਜਿਤ 68ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਲਈ ਕੁਆਲੀਫ਼ਾਈ ਕਰਕੇ ਆਪਣੇ ਪਰਿਵਾਰ, ਕੋਚਾਂ ਅਤੇ ਸਕੂਲ ਦਾ ਮਾਣ ਵਧਾਇਆ ਹੈ | ਰਾਸ਼ਟਰੀ ਪੱਧਰ ਦੀ ਇਸ ਪ੍ਰਤੀਯੋਗਤਾ ਲਈ ਚੁਣਿਆ ਜਾਣਾ ਉਸ ਦੀ ਕਠਨ ਮਿਹਨਤ, ਅਨੁਸ਼ਾਸਨ ਅਤੇ ਮਾਨਸਿਕ ਮਜ਼ਬੂਤੀ ਦਾ ਪ੍ਰਮਾਣ ਹੈ | ਲਵਪ੍ਰੀਤ ਸਿੰਘ ਭੁੱਲਰ ਇਕ ਆਈ.ਐੱਸ.ਐੱਸ.ਐਫ ਸ਼ੂਟਰ ਹੈ, ਜੋ ਕਿ ਆਪਣੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਨੈਸ਼ਨਲ ਲੈਵਲ 'ਤੇ ਪ੍ਰਸਿੱਧੀ ਹਾਸਲ ਕਰ ਚੁੱਕਾ ਹੈ | ਇਸ ਉਪਲਬਧੀ ਨੇ ਨੌਜਵਾਨ ਖਿਡਾਰੀਆਂ ਲਈ ਇੱਕ ਪ੍ਰੇਰਣਾਦਾਇਕ ਉਦਾਹਰਨ ਕਾਇਮ ਕੀਤੀ ਹੈ | ਲੋਰੀਅਲ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਪਿ੍ੰਸੀਪਲ ਸ਼੍ਰੀਮਤੀ ਅਨੁਪ੍ਰੀਤ ਕੌਰ ਨੇ ਲਵਪ੍ਰੀਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਕਾਮਯਾਬੀ ਉਸ ਦੀ ਲਗਨ ਅਤੇ ਸਖ਼ਤ ਮਿਹਨਤ ਦਾ ਨਤੀਜਾ ਹੈ | ਉਨ੍ਹਾਂ ਨੇ ਆਸ ਜਤਾਈ ਕਿ ਲਵਪ੍ਰੀਤ ਭਵਿੱਖ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਹੋਰ ਵੱਡੀਆਂ ਉਪਲਬਧੀਆਂ ਹਾਸਲ ਕਰੇਗਾ | ਇਸੇ ਤਰ੍ਹਾਂ ਮਾਤਾ ਗੁਜਰੀ ਪਬਲਿਕ ਸਕੂਲ ਦੀ ਪਿ੍ੰਸੀਪਲ ਸ਼੍ਰੀਮਤੀ ਪਰਵਿੰਦਰ ਜੀਤ ਕੌਰ ਨੇ ਵੀ ਲਵਪ੍ਰੀਤ ਸਿੰਘ ਭੁੱਲਰ ਨੂੰ ਦਿਲੋਂ ਵਧਾਈਆਂ ਦਿੱਤੀਆਂ | ਉਨ੍ਹਾਂ ਕਿਹਾ ਕਿ ਲਵਪ੍ਰੀਤ ਦੀ ਸਫਲਤਾ ਵਿਦਿਆਰਥੀਆਂ ਲਈ ਪੇ੍ਰਰਨਾ ਦਾ ਸਰੋਤ ਹੈ ਅਤੇ ਉਸ ਦੀ ਇਹ ਕਾਮਯਾਬੀ ਸਕੂਲ ਲਈ ਮਾਣ ਦੀ ਗੱਲ ਹੈ | ਸਕੂਲ ਪ੍ਰਬੰਧਨ, ਅਧਿਆਪਕ ਵਰਗ ਅਤੇ ਵਿਦਿਆਰਥੀਆਂ ਵਲੋਂ ਵੀ ਲਵਪ੍ਰੀਤ ਦੀ ਇਸ ਉਪਲਬਧੀ 'ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਉਸ ਦੇ ਉਜਲੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ | ਲਵਪ੍ਰੀਤ ਸਿੰਘ ਭੁੱਲਰ ਦੀ ਇਹ ਉਪਲਬਧੀ ਨੌਜਵਾਨ ਖਿਡਾਰੀਆਂ ਲਈ ਪੇ੍ਰਰਨਾ ਦਾ ਸਰੋਤ ਹੈ ਅਤੇ ਭਵਿੱਖ ਵਿਚ ਉਸ ਤੋਂ ਹੋਰ ਕਾਮਯਾਬੀਆਂ ਦੀ ਉਮੀਦ ਕੀਤੀ ਜਾ ਰਹੀ ਹੈ |