ਬਠਿੰਡਾ, 4 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ): ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਮੁੱਖ ਅਧਿਆਪਿਕਾ ਗੁਰਪ੍ਰੀਤ ਕੌਰ ਦੀ ਯੋਗ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਚੁੱਘੇ ਖ਼ੁਰਦ ਵਿਖੇ 7 ਰੋਜ਼ਾ ਭਾਰਤੀਆ ਭਾਸ਼ਾ ਸਮਰ ਕੈਂਪ ਲਗਾਇਆ ਗਿਆ | ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਪਾਠਕ੍ਰਮ ਦੀਆਂ ਭਾਸ਼ਾਵਾਂ ਤੋਂ ਇਲਾਵਾ ਕੋਈ ਇੱਕ ਹੋਰ ਭਾਸ਼ਾ ਸੰਬੰਧੀ ਮੁੱਢਲੀ ਜਾਣਕਾਰੀ ਅਤੇ ਗਿਆਨ ਦੇਣਾ ਸੀ | ਕੈਂਪ ਦੌਰਾਨ ਸਕੂਲ ਅਧਿਆਪਿਕਾ ਸ਼ਸ਼ੀ ਬਾਲਾ, ਸੀਮਾ ਰਾਣੀ, ਦੇਵਿੰਦਰਪਾਲ ਕੌਰ, ਕਿਰਨਜੀਤ ਕੌਰ, ਛਿੰਦਰਪਾਲ ਕੌਰ, ਬਲਜੀਤ ਕੌਰ ਅਤੇ ਸੁਖਮ ਸਿੰਘ ਨੇ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਤਿੰਨ ਗਰੁੱਪਾਂ ਵਿਚ ਵੰਡ ਕੇ ਕੈਂਪ ਦੇ ਉਦੇਸ਼ ਅਨੁਸਾਰ ਪੂਰੀ ਮਿਹਨਤ ਅਤੇ ਲਗਨ ਨਾਲ ਪੜ੍ਹਾਇਆ | ਇਸ ਮੌਕੇ ਵਿਦਿਆਰਥੀਆਂ ਨੂੰ ਤੇਲਗੂ ਭਾਸ਼ਾ ਵਿਚ ਗਿਣਤੀ (1 ਤੋਂ 10), ਸਬਜ਼ੀਆਂ ਦੇ ਨਾਂ, ਫਲਾਂ ਦੇ ਨਾਂ, ਨਦੀਆਂ, ਪਹਾੜ, ਪੇਂਟਿੰਗ, ਨਾਚ ਗੀਤ, ਇਤਿਹਾਸਕ ਸਮਾਰਕਾਂ ਅਤੇ ਆਜ਼ਾਦੀ ਗੁਲਾਟੀਆਂ ਆਦਿ ਬਾਰੇ ਮੁੱਢਲੀ ਜਾਣਕਾਰੀ ਪ੍ਰਦਾਨ ਕੀਤੀ ਗਈ | ਕੈਂਪ ਦੇ ਅਖੀਰਲੇ ਦਿਨ ਸਮਾਪਤੀ ਸਮਾਗਮ ਅਤੇ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ | ਮੰਚ ਸੰਚਾਲਕ ਦੀ ਭੂਮਿਕਾ ਦੇਵਿੰਦਰਪਾਲ ਕੌਰ ਦੁਆਰਾ ਬਾਖ਼ੂਬੀ ਨਿਭਾਈ ਗਈ | ਇਸ ਮੌਕੇ ਸਕੂਲ ਸਟਾਫ਼ ਵਲੋਂ ਵਿਦਿਆਰਥੀਆਂ ਲਈ ਉਚੇਚੇ ਤੌਰ 'ਤੇ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ | ਕੈਂਪ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿਚ ਸੁਧੀਰ ਕੁਮਾਰ, ਗੁਰਦੀਪ ਸਿੰਘ ਅਤੇ ਰਮਨਜੀਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ |