ਮੌੜ ਮੰਡੀ, 4 ਜੂਨ (ਗੁਰਜੀਤ ਸਿੰਘ ਕਮਾਲੂ)- ਬੀਤੇ ਦਿਨੀਂ ਪਿੰਡ ਭਾਈ ਬਖਤੌਰ ਦੇ ਇਕ ਸਾਬਕਾ ਫ਼ੌਜੀ ਰਣਵੀਰ ਸਿੰਘ ਦੀ ਨਸ਼ਾ ਤਸਕਰਾਂ ਵਲੋਂ ਕੀਤੀ ਗਈ ਕੁੱਟਮਾਰ ਤੋਂ ਬਾਅਦ ਪਿੰਡ ਦੀ ਨਸ਼ਾ ਰੋਕੂ ਕਮੇਟੀ ਦੇ ਮੈਂਬਰ ਲਖਵੀਰ ਸਿੰਘ ਲੱਖੀ ਵਲੋਂ ਪਿੰਡ ਵਿਕਾਊ ਹੈ ਦੇ ਪੋਸਟਰ ਲਗਾ ਕੇ ਸੋਸ਼ਲ ਮੀਡੀਆ ਉੱਪਰ ਵਾਇਰਲ ਕੀਤੀ ਗਏ ਜਿਸ ਤੋਂ ਬਾਅਦ ਉਕਤ ਨੌਜਵਾਨ ਨੂੰ ਪੁਲਿਸ ਵਲੋਂ ਧਮਕੀਆਂ ਦਿੱਤੀਆਂ ਗਈਆਂ ਜਿਸ 'ਤੇ ਵਿਰੋਧ ਵਿਚ ਅੱਜ ਭਾਈ ਬਖਤੌਰ ਵਾਸੀਆਂ ਦਾ ਇਕੱਠ ਹੋਇਆ | ਇਸ ਇਕੱਠ ਵਿਚ ਪਿੰਡ ਵਾਸੀਆਂ ਵਲੋਂ ਨੌਜਵਾਨ ਲਖਵੀਰ ਸਿੰਘ ਨੂੰ ਐਸ.ਐਚ.ਓ. ਕੋਟਫੱਤਾ ਵਲੋਂ ਦਿੱਤੀਆਂ ਗਈਆਂ ਧਮਕੀਆਂ ਦੀ ਨਿਖੇਧੀ ਕੀਤੀ ਗਈ ਅਤੇ ਬਠਿੰਡਾ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਵੀ ਕੀਤੀ ਕਿ ਅਜਿਹੇ ਪੁਲਿਸ ਅਫ਼ਸਰਾਂ ਦੀ ਨਕੇਲ ਕਸੀ ਜਾਵੇ | ਅੱਜ ਦੇ ਇਕੱਠ ਵਿਚ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਜੱਸੀ ਸਿੰਘ, ਲਖਵੀਰ ਸਿੰਘ ਲੱਖੀ, ਮਹਿੰਦਰ ਸਿੰਘ, ਭਿੰਦਰ ਸਿੰਘ, ਸੁਖਵਿੰਦਰ ਸਿੰਘ, ਭਗਵੰਤ ਸਿੰਘ, ਮਿੱਠੂ ਸਿੰਘ, ਮੱਖਣ ਸਿੰਘ ਆਦਿ ਨੇ ਕਿਹਾ ਕਿ ਪਿੰਡ ਵਾਸੀਆਂ ਵਲੋਂ ਪਹਿਲਾਂ ਵੀ ਕਈ ਵਾਰ ਪੁਲਿਸ ਨੂੰ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਨ ਲਈ ਕਿਹਾ ਜਾਂਦਾ ਰਿਹਾ ਹੈ, ਪਰ ਤਸਕਰਾਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ | ਜਿਸ ਤੋਂ ਬਾਅਦ ਤਸਕਰਾਂ ਦੇ ਹੌਸਲੇ ਇੰਨੇ ਬੁਲੰਦ ਹੋਏ ਕਿ ਉਨ੍ਹਾਂ ਨੇ ਨਸ਼ਾ ਰੋਕੂ ਕਮੇਟੀ ਦੇ ਮੈਂਬਰ ਸਾਬਕਾ ਫ਼ੌਜੀ ਰਣਵੀਰ ਸਿੰਘ ਦੀ ਵੀ ਕੁੱਟਮਾਰ ਕਰ ਦਿੱਤੀ | ਇਸ ਦੇ ਵਿਰੋਧ ਵਿਚ ਜਦ ਪਿੰਡ ਦੇ ਨੌਜਵਾਨਾਂ ਨੇ 'ਪਿੰਡ ਵਿਕਾਊ ਹੈ' ਦੇ ਪੋਸਟਰ ਲਗਾਏ ਤਾਂ ਐਸ.ਐਸ.ਓ. ਕੋਟਫੱਤਾ ਨੇ ਪਿੰਡ ਦੇ ਨੌਜਵਾਨ ਲਖਵੀਰ ਸਿੰਘ ਲੱਖੀ ਨੂੰ ਕੇਸ ਵਿਚ ਫਸਾਉਣ ਤੱਕ ਦੀਆਂ ਧਮਕੀਆਂ ਦੇ ਦਿੱਤੀਆਂ | ਜੱਸੀ ਸਿੰਘ ਨੇ ਕਿਹਾ ਕਿ ਬੀਤੇ ਦਿਨ ਐਸ.ਪੀ. ਦਿਹਾਤੀ ਹਿਨਾ ਗੁਪਤਾ ਅਤੇ ਐਸ.ਐਚ.ਓ. ਕੋਟਫੱਤਾ ਮਨੀਸ਼ ਕੁਮਾਰ ਉਸ ਕੋਲ ਆਏ ਸਨ ਅਤੇ ਐਸ.ਐਚ.ਓ. ਮਨੀਸ਼ ਕੁਮਾਰ ਨੇ ਕਿਹਾ ਕਿ ਪਿੰਡ ਵਿਕਾਊ ਦਾ ਪੋਸਟਰ ਲਗਾਉਣ ਵਾਲੇ ਲਖਵੀਰ ਸਿੰਘ ਦਾ ਮੈਂ ਡੋਪ ਟੈੱਸਟ ਕਰਵਾਗਾਂ ਅਤੇ ਇਹ ਵੀ ਕਿਹਾ ਕਿ ਲਖਵੀਰ ਸਿੰਘ ਨੇ ਇਕੱਲੇ ਨੇ ਹੀ ਇਹ ਪੋਸਟਰ ਲਗਾਇਆ ਹੈ | ਲਖਵੀਰ ਸਿੰਘ ਲੱਖੀ ਨੇ ਕਿਹਾ ਕਿ ਜਦ ਜੱਸੀ ਸਿੰਘ ਨੇ ਇਸ ਗੱਲ ਦੀ ਜਾਣਕਾਰੀ ਮੈਨੂੰ ਦਿੱਤੀ ਤਾਂ ਮੈਂ ਐਸ.ਐਚ.ਓ. ਕੋਟਫੱਤਾ ਨੂੰ ਇਹ ਪੁੱਛਣ ਲਈ ਫੋਨ ਲਗਾਇਆ ਕਿ ਡੋਪ ਟੈਸਟ ਕਰਵਾਉਣ ਲਈ ਕਦੋਂ ਆਈਏ ਤਾਂ ਐਸ.ਐਚ.ਓ. ਨੇ ਮੈਨੂੰ ਫੋਨ ਉੱਪਰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ | ਧਮਕੀਆਂ ਵਿਚ ਇਹ ਵੀ ਕਿਹਾ ਕਿ ਤੂੰ ਖ਼ੁਦ ਨਸ਼ਾ ਕਰਦਾ ਹੈ ਅਤੇ ਤੈਨੂੰ ਕਿਸੇ ਮੁਕੱਦਮੇ ਵਿਚ ਫਸਾ ਦੇਵਾਂਗਾ | ਇਨ੍ਹਾਂ ਧਮਕੀਆਂ ਤੋਂ ਬਾਅਦ ਲਖਵੀਰ ਸਿੰਘ ਲੱਖੀ ਨੇ ਆਪਣੇ ਫੇਸਬੁੱਕ ਅਕਾੳਾੂਟ ਦੇ ਰਾਤ ਦੇ ਸਮੇਂ ਹੀ ਧਮਕੀਆਂ ਦੇਣ ਵਾਲੀ ਗੱਲ ਨੂੰ ਲੈ ਕੇ ਵੀਡੀਓ ਪਾ ਦਿੱਤੀ ਜਿਸ ਤੋਂ ਬਾਅਦ ਅੱਜ ਸਾਰੇ ਪਿੰਡ ਨੇ ਇਕੱਠੇ ਹੋ ਕੇ ਲਖਵੀਰ ਸਿੰਘ ਲੱਖੀ ਦੇ ਹੱਕ ਵਿਚ ਡਟਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਸਾਰਾ ਪਿੰਡ ਪੋਸਟਰ 'ਪਿੰਡ ਵਿਕਾਊ ਹੈ' ਨਾਲ ਸਹਿਮਤ ਹੈ | ਪਿੰਡ ਵਾਸੀਆਂ ਨੇ ਪੁਲਿਸ 'ਤੇ ਨਸ਼ਾ ਤਸਕਰਾਂ ਦਾ ਸਾਥ ਦੇਣ ਦੇ ਇਲਜ਼ਾਮ ਵੀ ਲਗਾਏ ਇਹ ਵੀ ਕਿਹਾ ਕਿ ਜੇਕਰ ਲਖਵੀਰ ਸਿੰਘ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਹੋਵੇਗਾ | ਪਿੰਡ ਵਾਸੀਆਂ ਨੇ ਇਹ ਵੀ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਚਲਾ ਰਹੀ ਹੈ ਪਰ ਹੇਠਲੇ ਪੱਧਰ 'ਤੇ ਨਾ ਕੋਈ ਨਸ਼ਾ ਖ਼ਤਮ ਹੋਇਆ ਹੈ ਅਤੇ ਨਾ ਹੀ ਨਸ਼ਾ ਵੇਚਣ ਵਾਲੇ ਫੜੇ ਗਏ ਹਨ | ਸਰਕਾਰ ਦੀ ਇਹ ਮੁਹਿੰਮ ਸਿਰਫ਼ ਇਸ਼ਤਿਹਾਰਾਂ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ | ਇਸ ਮਸਲੇ ਵਿਚ ਜਦ ਐਸ.ਐਚ.ਓ. ਕੋਟਫੱਤਾ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦਾ ਸਰਕਾਰੀ ਨੰਬਰ ਬੰਦ ਆ ਰਿਹਾ ਸੀ | ਜਦ ਐਸ.ਪੀ. ਮੈਡਮ ਹਿਨਾ ਗੁਪਤਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵੀ ਫੋਨ ਨਹੀਂ ਚੁੱਕਿਆ |