ਬਠਿੰਡਾ, 6 ਸਤੰਬਰ (ਸੱਤਪਾਲ ਸਿੰਘ ਸਿਵੀਆਂ)- ਪਿੰਡ ਨਾਥਪੁਰਾ ਦੇ ਵਿਦੇਸ਼ ਗਏ ਇਕ ਜੋੜੇ ਦੇ ਮਾਮਲੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਏਕਤਾ (ਧਨੇਰ) ਵਲੋਂ ਸਥਾਨਕ ਸਾਹਿਬਜ਼ਾਦਾ ਅਜੀਤ ਸਿੰਘ ਰੋਡ 'ਤੇ ਸਥਿਤ ਸਬੰਧਿਤ ਇਮੀਗ੍ਰੇਸ਼ਨ ਏਜੰਸੀ ਦੇ ਦਫ਼ਤਰ ਮੂਹਰੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਜਥੇਬੰਦੀ ਦੇ ਸੂਬਾ ਉੱਪ-ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਜ਼ਿਲਾ ਪ੍ਰਧਾਨ ਹਰਵਿੰਦਰ ਸਿੰਘ ਕੋਟਲੀ, ਬਲਾਕ ਸਕੱਤਰ ਜਗਦੇਵ ਸਿੰਘ ਲਹਿਰਾ ਤੇ ਗੁਰਦੀਪ ਸਿੰਘ ਨਾਥਪੁਰਾ ਨੇ ਦੱਸਿਆ ਕਿ ਉਕਤ ਇਮੀਗ੍ਰੇਸ਼ਨ ਏਜੰਸੀ ਦੇ ਪ੍ਰਬੰਧਕਾਂ ਵਲੋਂ ਸਾਲ 2023 'ਚ ਸਾਢੇ 27 ਲੱਖ ਰੁਪਏ ਲੈ ਕੇ ਪਿੰਡ ਨਾਥਪੁਰਾ ਦੇ ਜੱਗਾ ਸਿੰਘ ਦੀ ਨੂੰ ਹ ਅਤੇ ਪੁੱਤਰ ਨੂੰ ਯੂ.ਕੇ. ਭੇਜਿਆ ਗਿਆ ਸੀ, ਜਿਨਾਂ ਦਾ ਇਸ ਕੰਪਨੀ ਨੇ ਸਾਲ 2026 ਤੱਕ ਵੀਜ਼ਾ ਲੱਗਿਆ ਹੋਣ ਦਾ ਦਾਅਵਾ ਕੀਤਾ ਸੀ ਪਰ ਉਨਾਂ ਦੇ ਵਿਦੇਸ਼ ਪੁੱਜਣ 'ਤੇ ਤਿੰਨ ਮਹੀਨਿਆਂ ਦੌਰਾਨ ਹੀ ਉਨਾਂ ਨੂੰ ਈਮੇਲ ਰਾਹੀਂ ਸੂਚਨਾ ਮਿਲੀ ਕਿ ਉਨਾਂ ਨੂੰ ਵਿਦੇਸ਼ ਭੇਜਣ ਵਾਲੀ ਕੰਪਨੀ ਦੀ ਮਿਆਦ ਪੁੱਜ ਚੁਕੀ ਹੈ ਤੇ ਉਨਾਂ ਦਾ ਵੀਜ਼ਾ ਰੱਦ ਹੋ ਸਕਦਾ ਹੈ, ਤਾਂ ਪਰਿਵਾਰ ਨੇ ਉਕਤ ਕੰਪਨੀ ਨਾਲ ਰਾਬਤਾ ਕੀਤਾ ਪਰ ਕੰਪਨੀ ਨੇ ਕੋਈ ਸੁਣਵਾਈ ਨਹੀਂ ਕੀਤੀ ਤਾਂ ਉਕਤ ਪਰਿਵਾਰ ਨੂੰ ਮੁੜ 22 ਲੱਖ ਰੁਪਏ ਖ਼ਰਚ ਕਰਕੇ ਆਪਣੇ ਵੀਜ਼ੇ ਦੀ ਮਿਆਦ ਵਧਾਉਣੀ ਪਈ | ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਮਸਲੇ ਨੂੰ ਲੈ ਕੇ ਪਹਿਲਾਂ ਇਕ ਹੋਰ ਕਿਸਾਨ ਜਥੇਬੰਦੀ ਨੇ ਉਕਤ ਕੰਪਨੀ ਦਾ ਦਫ਼ਤਰ ਘੇਰਿਆ ਸੀ ਤਾਂ ਕੰਪਨੀ ਨੇ ਪੀੜਤ ਪਰਿਵਾਰ ਦੇ ਨੁਕਸਾਨ ਦੀ ਭਰਪਾਈ ਕਰਨ ਲਈ ਆਪਣੇ ਕੋਲੋਂ 14-15 ਲੱਖ ਰੁਪਏ ਦੇਣ ਵਾਅਦਾ ਕੀਤਾ ਸੀ ਪਰ ਅਜੇ ਤੱਕ ਇਹ ਪੈਸੇ ਸਬੰਧਿਤ ਪਰਿਵਾਰ ਨੂੰ ਨਹੀਂ ਦਿੱਤੇ ਗਏ ਤੇ ਲਗਾਤਾਰ ਟਾਲ-ਮਟੋਲ ਕੀਤਾ ਜਾ ਰਿਹਾ | ਉਨਾਂ ਕਿਹਾ ਕਿ ਕੰਪਨੀ ਪ੍ਰਬੰਧਕਾਂ ਦੀ ਟਾਲ-ਮਟੋਲ ਦੀ ਨੀਤੀ ਨੂੰ ਦੇਖਦਿਆਂ ਉਨਾਂ ਨੂੰ ਅੱਜ ਉਕਤ ਕੰਪਨੀ ਦੇ ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ | ਕਿਸਾਨ ਆਗੂਆਂ ਨੇ ਕਿਹਾ ਕਿ ਬੇਸ਼ੱਕ ਉਨਾਂ ਦਾ ਅੱਜ ਦਾ ਪ੍ਰਦਰਸ਼ਨ ਸੰਕੇਤਕ ਸੀ ਪਰ ਉਹ ਆਉਣ ਵਾਲੇ ਦਿਨਾਂ 'ਚ ਉਕਤ ਕੰਪਨੀ ਦੇ ਦਫ਼ਤਰ ਮੂਹਰੇ ਪੱਕਾ ਮੋਰਚਾ ਲਗਾਉਣਗੇ ਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਤੱਕ ਮੋਰਚਾ ਜਾਰੀ ਰਹੇਗਾ |
-ਮਾਮਲਾ ਪਿੰਡ ਨਾਥਪੁਰਾ ਦਾ- ਭਾਕਿਯੂ ਡਕੌਂਦਾ (ਧਨੇਰ) ਵਲੋਂ ਇਮੀਗ੍ਰੇਸ਼ਨ ਏਜੰਸੀ ਦੇ ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ
ਅਜੀਤ ਡੈਸਕ
07-09-2025