ਭੀਖੀ, 6 ਸਤੰਬਰ (ਸਹੋਤਾ)- ਪਿਛਲੇ ਦਿਨਾਂ ਤੋਂ ਭੀਖੀ ਵਿਚ ਹੋਈ ਭਰਵੀਂ ਬਾਰਸ਼ ਕਾਰਨ ਨਗਰ ਦੇ ਵੱਖ-ਵੱਖ ਛੱਪੜ ਨੱਕੋਂ ਨੱਕ ਭਰੇ ਹੋਏ ਹਨ | ਛੱਪੜਾਂ 'ਚੋਂ ਗੰਦੇ ਪਾਣੀ ਦੀ ਨਿਕਾਸੀ ਲਈ ਖ਼ਰੀਦੇ ਜਾ ਰਹੇ ਸਾਜੋ ਸਮਾਨ 'ਚ ਨਗਰ ਪੰਚਾਇਤ ਦੀ ਵਰਕਸ ਸ਼ਾਖਾ ਕਿਤੇ ਨਜ਼ਰ ਨਹੀਂ ਆਈ | ਕੁਝ ਪਤਵੰਤਿਆਂ ਵਲੋਂ ਹੀ ਇਸ ਸਮਾਨ ਦੀ ਖ਼ਰੀਦੋ ਫ਼ਰੋਖ਼ਤ ਹੋ ਰਹੀ ਹੈ | ਖ਼ਰੀਦਿਆ ਸਮਾਨ ਕੀ ਸੀ.ਐਸ.ਆਰ. ਦੇ ਮਾਪਦੰਡ ਪੂਰੇ ਕਰਦਾ ਹੈ ਜਾਂ ਨਹੀਂ ਇਹ ਵੀ ਵੱਡਾ ਸਵਾਲ ਹੈ? ਇਸ ਸਬੰਧੀ ਦਫ਼ਤਰ ਦੇ ਭਾਗ ਅਫ਼ਸਰ ਰਾਕੇਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਸਿਰਫ਼ ਕਾਰਜ ਸਾਧਕ ਅਫ਼ਸਰ ਹੀ ਦੱਸ ਸਕਦੇ ਹਨ | ਉੱਧਰ ਸ਼ਹਿਰ ਵਾਸੀਆਂ ਨੇ ਇਸ ਸਮਾਨ ਦੀ ਖ਼ਰੀਦ ਸਮੇਂ ਪਤਵੰਤਿਆਂ ਵਲੋਂ ਸੋਸ਼ਲ ਮੀਡੀਆ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਸਮਾਨ ਲਿਆਉਣ ਅਤੇ ਉਤਾਰਨ ਵੇਲੇ ਆਮ ਆਦਮੀ ਪਾਰਟੀ ਦੇ ਕੁਝ ਆਗੂ ਬੜੇ ਚਾਅ ਨਾਲ ਫ਼ੋਟੋਆਂ ਅੱਪਲੋਡ ਕਰਦੇ ਹਨ ਪੰ੍ਰਤੂ ਗੰਦੇ ਪਾਣੀ ਦੀ ਸਥਿਤੀ ਜਿਉਂ ਦੀ ਤਿਉਂ ਹੈ |