ਤਲਵੰਡੀ ਸਾਬੋ, 19 ਅਕਤੂਬਰ (ਰਣਜੀਤ ਸਿੰਘ ਰਾਜੂ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਮਾਲਵੇ ਦੇ ਉਕਤ ਖ਼ਿੱਤੇ 'ਚ ਗੁਰਮਤਿ ਲਹਿਰ ਨੂੰ ਹੋਰ ਪ੍ਰਚੰਡ ਕਰਨ ਦੇ ਮਨੋਰਥ ਨਾਲ ਆਰੰਭੀ ਧਰਮ ਪ੍ਰਚਾਰ ਲਹਿਰ ਦੀ ਲੜੀ ਵਿਚ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਹਫ਼ਤਾਵਾਰੀ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸੇ ਦੌਰਾਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਕਰਵਾਏ ਅੰਮਿ੍ਤ ਸੰਚਾਰ ਦੌਰਾਨ 97 ਪ੍ਰਾਣੀ ਖੰਡੇ ਬਾਟੇ ਦੀ ਪਾਹੁਲ ਛਕ ਕੇ ਗੁਰੂ ਦੇ ਲੜ ਲੱਗੇ | ਧਾਰਮਿਕ ਸਮਾਗਮ ਦੌਰਾਨ ਤਖਤ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਚੈਨ ਸਿੰਘ ਦੇ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਜਦੋਂਕਿ ਪ੍ਰਚਾਰਕ ਭਾਈ ਜਗਤਾਰ ਸਿੰਘ ਜੌੜਕੀਆਂ ਨੇ ਕਥਾ ਵੀਚਾਰਾਂ ਰਾਹੀਂ ਤੇ ਭਾਈ ਤਰਸੇਮ ਸਿੰਘ ਖੇਤਲਾ ਦੇ ਢਾਡੀ ਜਥੇ ਨੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਗੁਰਇਤਿਹਾਸ ਨਾਲ ਜੋੜਿਆ | ਤਖਤ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਗਿਆਨੀ ਗੁਰਜੰਟ ਸਿੰਘ ਨੇ ਸੰਗਤਾਂ ਨੂੰ ਬੰਦੀਛੋੜ ਦਿਵਸ ਦੀਆਂ ਵਧਾਈਆਂ ਦਿੰਦਿਆਂ ਸਮੁੱਚੇ ਇਤਿਹਾਸ ਤੋਂ ਜਾਣੂੰ ਕਰਵਾਇਆ | ਉਕਤ ਸਮਾਗਮ 'ਚ ਸੰਗਤਾਂ ਤੋਂ ਇਲਾਵਾ ਤਖਤ ਸਾਹਿਬ ਦੇ ਮੈਨੇਜਰ ਭਾਈ ਨਰਿੰਦਰਜੀਤ ਸਿੰਘ ਵੀ ਹਾਜ਼ਰ ਰਹੇ | ਉੱਧਰ ਧਰਮ ਪ੍ਰਚਾਰ ਉੱਪ ਦਫ਼ਤਰ ਇੰਚਾਰਜ ਭਾਈ ਭੋਲਾ ਸਿੰਘ ਹੀਰੇਵਾਲਾ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਤਖਤ ਸਾਹਿਬ ਦੇ ਗੁ: ਭਾਈ ਬੀਰ ਸਿੰਘ ਭਾਈ ਧੀਰ ਸਿੰਘ ਵਿਖੇ ਤਖਤ ਸਾਹਿਬ ਦੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ 'ਚ ਅੰਮਿ੍ਤ ਸੰਚਾਰ ਕਰਵਾਇਆ ਗਿਆ | ਕੁਲ 97 ਪ੍ਰਾਣੀਆਂ ਨੇ ਖੰਡੇ ਬਾਟੇ ਦੀ ਪਾਹੁਲ ਛਕੀ | ਅੰਮਿ੍ਤ ਸੰਚਾਰ ਕਰਨ ਵਾਲੇ ਪ੍ਰਾਣੀਆਂ ਨੂੰ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਧਨੌਲਾ ਨੇ ਮੁਬਾਰਕਬਾਦ ਦਿੰਦਿਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਬੰਦੀਛੋੜ ਦਿਵਸ ਮੌਕੇ ਜਿੱਥੇ ਸਮਾਜਿਕ ਬੁਰਾਈਆਂ ਦੇ ਖ਼ਾਤਮੇ ਦੀ ਲੜਾਈ 'ਚ ਆਪਣਾ ਯੋਗਦਾਨ ਪਾਉਣ ਦਾ ਪ੍ਰਣ ਲੈਣ ਉੱਥੇ ਬਾਣੀ ਅਤੇ ਬਾਣੇ ਦਾ ਧਾਰਣੀ ਬਣਨ ਦਾ ਸੰਕਲਪ ਵੀ ਲੈਣ |