ਰਾਮਾਂ ਮੰਡੀ, 4 ਨਵੰਬਰ (ਤਰਸੇਮ ਸਿੰਗਲਾ)-ਸਾਂਝ ਕੇਂਦਰ ਰਾਮਾਂ ਨੂੰ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਗੇਟ 'ਤੇ ਲੈ ਕੇ ਜਾਣ ਦੀ ਸਥਾਨਕ ਲੋਕ ਅਧਿਕਾਰ ਲਹਿਰ ਨੇ ਕਰੜੀ ਨਿੰਦਾ ਕੀਤੀ ਹੈ¢ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲੋਕ ਅਧਿਕਾਰ ਲਹਿਰ ਦੇ ਮੈਂਬਰ ਲਾਭ ਚੰਦ ਸ਼ਰਮਾ ਨੇ ਕਿਹਾ ਕਿ ਲੋਕਾਂ ਨੂੰ ਬਦਲਾਅ ਦਾ ਸੁਪਨਾ ਦਿਖਾ ਕੇ ਸੱਤਾ 'ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਰਾਮਾਂ ਮੰਡੀ ਦੇ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਸਹੂਲਤਾਂ ਖੋਹਣ ਤੇ ਲੱਗੀ ਹੋਈ ਹੈ¢ ਪਹਿਲਾਂ ਫੂਡ ਸਪਲਾਈ ਦਫ਼ਤਰ ਨੂੰ ਰਾਮਾਂ ਮੰਡੀ ਵਿਚੋਂ ਖ਼ਤਮ ਕੀਤਾ ਗਿਆ, ਹੁਣ ਪੁਲਿਸ ਸਾਂਝ ਕੇਂਦਰ ਨੂੰ ਰਾਮਾਂ ਮੰਡੀ ਵਿਚੋਂ ਰਿਫਾਇਨਰੀ ਗੇਟ 'ਤੇ ਭੇਜ ਦਿੱਤਾ ਗਿਆ ਹੈ¢ ਜਿਸ ਨਾਲ ਸ਼ਹਿਰ ਦੇ ਵਪਾਰ ਤੇ ਵੀ ਅਸਰ ਪਿਆ ਹੈ¢ ਉਨ੍ਹਾਂ ਕਿਹਾ ਕਿ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਦੂਰ ਦਰਾਜ਼ ਦੇ ਪ੍ਰਵਾਸੀ ਮਜ਼ਦੂਰਾਂ ਦੀ ਵੈਰੀਫਿਕੇਸ਼ਨ ਤਾਂ ਪੁਲਿਸ ਸਾਂਝ ਕੇਂਦਰ ਰਾਮਾਂ ਮੰਡੀ ਵਿੱਚ ਕੀਤੀ ਜਾਂਦੀ ਸੀ, ਪਰ ਰਾਮਾਂ ਮੰਡੀ ਵਿਚ ਸਾਂਝ ਕੇਂਦਰ ਹੋਣ ਦੇ ਬਾਵਜੂਦ ਵੀ ਰਾਮਾਂ ਮੰਡੀ ਇਲਾਕੇ ਦੇ ਲੋਕਾਂ ਨੂੰ ਵੈਰੀਫਿਕੇਸ਼ਨ ਕਰਾਉਣ ਲਈ ਤਲਵੰਡੀ ਸਾਬੋ ਭੇਜਿਆ ਜਾਂਦਾ ਹੈ¢ ਉਨ੍ਹਾਂ ਕਿਹਾ ਕਿ ਹਰ ਪੰਜ ਸਾਲ ਬਾਅਦ ਸਰਕਾਰਾਂ ਬਦਲਦੀਆਂ ਰਹੀਆਂ, ਪਰ ਰਾਮਾਂ ਮੰਡੀ ਦੇ ਲੋਕਾਂ ਦੀਆਂ ਸਹੂਲਤਾਂ ਵਧਣ ਦੀ ਬਜਾਏ ਖ਼ਤਮ ਹੀ ਕੀਤੀਆਂ ਗਈਆਂ¢ ਹੁਣ ਬਦਲਾਅ ਵਾਲੀ ਆਪ ਸਰਕਾਰ ਤੋਂ ਲੋਕਾਂ ਨੂੰ ਕੁਝ ਉਮੀਦਾਂ ਸਨ, ਪਰ ਇਸ ਸਰਕਾਰ ਨੇ ਪਿਛਲੀਆਂ ਸਰਕਾਰਾਂ ਦਾ ਇਤਿਹਾਸ ਹੀ ਦੁਹਰਾਇਆ ਹੈ¢ ਸ੍ਰੀ ਸ਼ਰਮਾ ਨੇ ਮੰਗ ਕੀਤੀ ਹੈ ਕਿ ਸਾਂਝ ਕੇਂਦਰ ਅਤੇ ਫੂਡ ਸਪਲਾਈ ਦਫ਼ਤਰ ਵਾਪਸ ਰਾਮਾਂ ਲਿਆਂਦੇ ਜਾਣ¢