ਪਾਇਲ, 22 ਸਤੰਬਰ (ਨਿਜ਼ਾਮਪੁਰ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ 26 ਤੇ 27 ਸਤੰਬਰ ਨੂੰ ਹਾੜ੍ਹੀ ਦੀਆਂ ਫ਼ਸਲਾਂ ਲਈ ਲਾਏ ਜਾ ਰਹੇ ਕਿਸਾਨ ਮੇਲੇ ਦੇ ਪਹਿਲੇ ਦਿਨ ਉਦਘਾਟਨੀ ਸਮਾਰੋਹ ਸਮੇਂ ਮੰਚ ਤੋਂ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ | ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਪੀ. ਏ. ਯੂ. ਨਵੀਆਂ ਖੇਤੀ ਤਕਨੀਕਾਂ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਨਾਲ-ਨਾਲ ਬਾਗ਼ਬਾਨੀ, ਸਹਾਇਕ ਕਿੱਤਿਆਂ ਅਤੇ ਹੋਰ ਖੇਤੀ ਕਾਰਜਾਂ ਲਈ ਲੀਹ ਪਾੜਨ ਵਾਲੇ ਕਿਸਾਨਾਂ ਨੂੰ ਕਿਸਾਨ ਮੇਲੇ 'ਤੇ ਹਰ ਸਾਲ ਸਨਮਾਨਿਤ ਕੀਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਕਿਸਾਨ ਬੀਬੀਆਂ ਨੂੰ ਫ਼ਸਲ ਉਤਪਾਦਨ ਅਤੇ ਫ਼ਸਲਾਂ ਨਾਲ ਸਬੰਧਿਤ ਕਿੱਤਿਆਂ ਸਬੰਧੀ ਦਿੱਤਾ ਜਾਣ ਵਾਲਾ ਸਰਦਾਰਨੀ ਜਗਬੀਰ ਕੌਰ ਗਰੇਵਾਲ ਯਾਦਗਾਰੀ ਪੁਰਸਕਾਰ ਇਸ ਵਾਰ ਗੁਰਪ੍ਰੀਤ ਕੌਰ ਸੁਪਤਨੀ ਲਖਵਿੰਦਰ ਸਿੰਘ, ਪਿੰਡ ਕਲਿਆਣ, ਤਹਿਸੀਲ ਨਾਭਾ, ਜ਼ਿਲ੍ਹਾ ਪਟਿਆਲਾ ਨੂੰ ਦਿੱਤਾ ਜਾ ਰਿਹਾ ਹੈ | ਵੰਨ-ਸੁਵੰਨਤਾ ਵਿਚ ਉੱਘਾ ਯੋਗਦਾਨ ਪਾਉਣ ਵਾਲੇ ਸਵੈ ਕਾਸ਼ਤਕਾਰ ਕਿਸਾਨਾਂ ਲਈ ਪ੍ਰਵਾਸੀ ਭਾਰਤੀ ਪੁਰਸਕਾਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਫਤਿਹਪੁਰ, ਬਲਾਕ ਭੂੰਗਾ ਦੇ ਅਗਾਂਹਵਧੂ ਕਿਸਾਨ ਮਨਪ੍ਰੀਤ ਸਿੰਘ ਸਪੁੱਤਰ ਸੁਰਿੰਦਰ ਸਿੰਘ ਨੂੰ ਦਿੱਤਾ ਜਾਵੇਗਾ | ਮਨਪ੍ਰੀਤ ਸਿੰਘ, ਭੂੰਗਾ ਵਿਖੇ ਭੂੰਗਾ ਆਇਲ ਫੈਡ ਸੀਡ ਉਤਪਾਦਨ ਕੰਪਨੀ ਦੇ ਡਾਇਰੈਕਟਰ ਵਜੋਂ ਵੀ ਸੇਵਾ ਨਿਭਾ ਰਿਹਾ ਹੈ | ਸਿੰਚਾਈ ਵਾਲੇ ਪਾਣੀ ਦੀ ਸਾਂਭ-ਸੰਭਾਲ ਲਈ ਮਨਪ੍ਰੀਤ ਸਿੰਘ 6 ਏਕੜ ਵਿਚ ਰੇਨ ਗੰਨ ਦੀ ਵਰਤੋਂ ਕਰਦਾ ਹੈ | ਪੰਜਾਬ ਰਾਜ ਵਿਚ ਖੇਤ-ਫ਼ਸਲਾਂ ਦੇ ਸਵੈ-ਕਾਸ਼ਤਕਾਰ ਕਿਸਾਨਾਂ ਲਈ ਨਿਯਤ ਕੀਤਾ ਗਿਆ | ਦਲੀਪ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ ਇਸ ਵਾਰੀ ਸੁਖਤਾਰ ਸਿੰਘ ਸਪੁੱਤਰ ਜੋਗਿੰਦਰ ਸਿੰਘ ਬਲਾਕ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਦੇ ਪਿੰਡ ਸੰਗਤਪੁਰਾ ਦੇ 45 ਸਾਲਾ ਉੱਦਮੀ ਕਿਸਾਨ ਨੂੰ ਦਿੱਤਾ ਜਾਵੇਗਾ | ਇਸ ਉੱਦਮੀ ਕਿਸਾਨ ਨੇ ਬੱਕਰੀ ਪਾਲਣ, ਗੰਡੋਇਆਂ ਦੀ ਖਾਦ, ਜੈਵਿਕ ਖੇਤੀ ਅਤੇ ਸੰਯੁਕਤ ਖੇਤੀ ਪ੍ਰਣਾਲੀ, ਡੇਅਰੀ ਫਾਰਮਿੰਗ, ਮੌਸਮੀ ਫਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ, ਸੂਰ ਪਾਲਣ ਆਦਿ ਦੀਆਂ ਸਿਖਲਾਈਆਂ ਕਿ੍ਸ਼ੀ ਵਿਗਿਆਨ ਕੇਂਦਰ ਅਤੇ ਆਈ. ਸੀ. ਏ. ਆਰ ਦੇ ਵੱਖ-ਵੱਖ ਅਦਾਰਿਆਂ ਤੋਂ ਪ੍ਰਾਪਤ ਕੀਤੀਆਂ ਹਨ | ਖ਼ੁਦ ਕਾਸ਼ਤਕਾਰ ਛੋਟੇ ਕਿਸਾਨ ਲਈ ਦਿੱਤਾ ਜਾਣ ਵਾਲਾ ਸੁਰਜੀਤ ਸਿੰਘ ਢਿੱਲੋਂ ਪੁਰਸਕਾਰ ਇਸ ਵਾਰ ਸੰਜੀਵ ਕੁਮਾਰ ਕਾਹਲੋਂ, ਪੁੱਤਰ ਰਾਮ ਸਰੂਪ, ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮਹਿਲਾਂਵਾਲੀ ਦੇ ਹਿੱਸੇ ਆਇਆ ਹੈ | ਆਪਣੀ ਕੁੱਲ ਵਾਹੀਯੋਗ 21 ਕਨਾਲ ਜ਼ਮੀਨ ਉੱਪਰ ਉਨ੍ਹਾਂ ਨੇ ਬਹੁਭਾਂਤੀ ਖੇਤੀ ਅਤੇ ਸਹਾਇਕ ਕਿੱਤੇ ਅਪਣਾ ਕੇ ਆਪਣੀ ਪਰਿਵਾਰ ਦੀ ਆਮਦਨ ਵਿਚ ਚੋਖਾ ਮੁਨਾਫ਼ਾ ਕੀਤਾ ਹੈ | ਸਬਜ਼ੀਆਂ ਦੇ ਸਵੈ ਕਾਸ਼ਤਕਾਰ ਕਿਸਾਨਾਂ ਨੂੰ ਦਿੱਤਾ ਜਾਣ ਵਾਲਾ ਉਜਾਗਰ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ ਚਾਨਣ ਸਿੰਘ ਸਰਾਂ, ਸਪੁੱਤਰ ਨਿਸ਼ਾਨ ਸਿੰਘ ਜ਼ਿਲ੍ਹਾ ਤਰਨਤਾਰਨ ਨੂੰ ਦਿੱਤਾ ਜਾਵੇਗਾ | ਉਸ ਨੇ ਅਨਾਜ ਅਤੇ ਸਬਜ਼ੀਆਂ ਦੀ ਫ਼ਸਲ-ਪ੍ਰਣਾਲੀ ਅਪਣਾਈ ਹੋਈ ਹੈ |