ਮਾਛੀਵਾੜਾ ਸਾਹਿਬ, 27 ਦਸੰਬਰ (ਰਾਜਦੀਪ ਸਿੰਘ ਅਲਬੇਲਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 31ਵਾਂ ਅਲੌਕਿਕ ਦਸਮੇਸ਼ ਪੈਦਲ ਮਾਰਚ ਇਤਿਹਾਸ ਨੂੰ ਦਰਸਾਉਂਦੇ ਚਿੱਤਰਾਂ ਨਾਲ ਬੀਤੀ ਰਾਤ ਮਾਛੀਵਾੜਾ ਸਾਹਿਬ ਪੁੱਜਾ ਸੀ ਅਤੇ ਅੱਜ ਸਵੇਰੇ ਅਗਲੇ ਪੜਾਅ ਲਈ ਰਵਾਨਾ ਹੋਇਆ | ਜਾਣਕਾਰੀ ਅਨੁਸਾਰ ਗੁਰਦੁਆਰਾ ਮੈਹਿਦੀਆਣਾ ਸਾਹਿਬ ਵਲੋਂ ਸਵ. ਬਾਬਾ ਜ਼ੋਰਾ ਸਿੰਘ ਲੱਖਾ ਦੇ ਉਪਰਾਲੇ ਸਦਕਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਗ 'ਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੱਲੇ ਅਲੌਕਿਕ ਦਸਮੇਸ਼ ਪੈਦਲ ਮਾਰਚ ਦਾ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਹ ਪੈਦਲ ਮਾਰਚ ਸਵ. ਬਾਬਾ ਜ਼ੋਰਾ ਸਿੰਘ ਲੱਖਾ ਨੇ ਕਰੀਬ ਢਾਈ ਦਹਾਕੇ ਪਹਿਲਾਂ ਸ਼ੁਰੂ ਕੀਤਾ ਸੀ ਅਤੇ ਅੱਜ ਇਹ ਸਾਲਾਨਾ 31ਵਾਂ ਪੈਦਲ ਮਾਰਚ ਉਨ੍ਹਾਂ ਦੇ ਗੱਦੀ ਨਸ਼ੀਨ ਬਾਬਾ ਕੁਲਵੰਤ ਸਿੰਘ ਲੱਖਾ, ਸੁਖਦੇਵ ਸਿੰਘ ਦੇਹੜਕਾ, ਰਾਗੀ ਹਰਜਿੰਦਰ ਸਿੰਘ ਰਾਜਾ ਦੇ ਯਤਨਾਂ ਸਦਕਾ 6-7 ਪੋਹ ਦੀ ਰਾਤ ਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਰਵਾਨਾ ਹੋਇਆ | ਇਹ ਪੈਦਲ ਮਾਰਚ ਉਹ ਸਫ਼ਰ ਤੈਅ ਕਰਦਾ ਹੈ, ਜਿੱਥੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੱਕ-ਸੱਚ ਦੀ ਲੜਾਈ ਲੜਦੇ ਮੁਕਤਸਰ ਪਹੁੰਚੇ ਸਨ | ਇਹ ਪੈਦਲ ਮਾਰਚ ਸ਼੍ਰੀ ਪਰਿਵਾਰ ਵਿਛੋੜਾ ਸਾਹਿਬ, ਸ਼੍ਰੀ ਭੱਠਾ ਸਾਹਿਬ ਰੋਪੜ, ਦੁੱਗਰੀ, ਚਮਕੌਰ ਸਾਹਿਬ, ਕੀੜੀ ਅਫ਼ਗ਼ਾਨਾਂ, ਝਾੜ ਸਾਹਿਬ, ਪਵਾਤ ਤੋਂ ਹੋ ਕੇ ਮਾਛੀਵਾੜਾ ਸਾਹਿਬ ਪੁੱਜਿਆ, ਜਿੱਥੇ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਮੰਗਲੀ, ਬਾਬਾ ਮੋਹਣ ਸਿੰਘ, ਹੈੱਡ ਗ੍ਰੰਥੀ ਹਰਪਾਲ ਸਿੰਘ ਗੁਰਮੁਖ, ਕਥਾ ਵਾਚਕ ਭਾਈ ਇਕਨਾਮ ਸਿੰਘ ਨੇ ਸੰਗਤਾਂ ਸਮੇਤ ਸਵਾਗਤ ਕੀਤਾ | ਅੱਜ ਇਹ ਪੈਦਲ ਮਾਰਚ ਆਪਣੀ ਅਗਲੀ ਮੰਜ਼ਿਲ ਕਟਾਣਾ ਸਾਹਿਬ ਵੱਲ ਨੂੰ ਰਵਾਨਾ ਹੋ ਗਿਆ, ਜਿਸ ਦਾ ਰਸਤੇ ਵਿਚ ਗਨੀ ਖਾਂ ਨਬੀ ਖਾਂ ਗੇਟ ਨੇੜੇ ਸੰਗਤਾਂ ਨੇ ਸਵਾਗਤ ਕੀਤਾ ਅਤੇ ਪੰਜ ਪਿਆਰਿਆਂ ਤੇ ਬਾਬਾ ਕੁਲਵੰਤ ਸਿੰਘ ਲੱਖਾ ਨੂੰ ਸਿਰੋਪਾਓ ਭੇਟ ਕੀਤੇ | ਪੈਦਲ ਮਾਰਚ 'ਚ ਸ਼ਾਮਲ ਸੰਗਤਾਂ ਲਈ ਚਾਹ, ਦੁੱਧ ਅਤੇ ਹੋਰ ਵਸਤਾਂ ਦਾ ਵੀ ਲੰਗਰ ਵੰਡਿਆ ਜਾ ਰਿਹਾ ਹੈ | ਪੈਦਲ ਮਾਰਚ ਦਾ ਸਵਾਗਤ ਕਰਨ ਵਾਲਿਆਂ ਵਿਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਉਜਾਗਰ ਸਿੰਘ ਬੈਨੀਪਾਲ, ਕੌਂਸਲਰ ਜਗਮੀਤ ਸਿੰਘ ਮੱਕੜ, ਗੁਰਨਾਮ ਸਿੰਘ ਖ਼ਾਲਸਾ, ਸਾਬਕਾ ਸਰਪੰਚ ਦਲਜੀਤ ਬੁੱਲੇਵਾਲ, ਹਰਵਿੰਦਰ ਸਿੰਘ ਸ਼ੇਰੀਆਂ, ਬਾਬਾ ਬਲਜੀਤ ਸਿੰਘ, ਘਰਿੰਦਰਪਾਲ ਸਿੰਘ ਬੱਬੂ, ਜਸਵੀਰ ਸਿੰਘ ਗਿੱਲ, ਸਿਮਰਨਜੀਤ ਸਿੰਘ ਗੋਗੀਆ ਵੀ ਮੌਜੂਦ ਸਨ |