ਮਹਿਲ ਕਲਾਂ, 31 ਮਈ (ਅਵਤਾਰ ਸਿੰਘ ਅਣਖੀ)-ਪਿੰਡ ਛੀਨੀਵਾਲ ਕਲਾਂ (ਬਰਨਾਲਾ) ਵਿਖੇ ਇਕ ਦਲਿਤ ਪਰਿਵਾਰ ਨਾਲ ਸਬੰਧਿਤ ਗਿਆਰ੍ਹਵੀਂ 'ਚ ਪੜ੍ਹਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਦੇ ਦੋਵੇਂ ਗੁਰਦੇ ਖ਼ਰਾਬ ਹੋਣ ਕਾਰਨ ਪਰਿਵਾਰ ਇਲਾਜ ਕਰਵਾਉਣ ਤੋਂ ਬੇਵੱਸ ਹੈ | ਪੀੜਤ ਬੱਚੇ ਦੇ ਪਿਤਾ ਬਲਦੇਵ ਸਿੰਘ ਛੀਨੀਵਾਲ ਕਲਾਂ ਨੇ ਭਰੇ ਮਨ ਨਾਲ ਦੱਸਿਆ ਕਿ ਪਰਿਵਾਰ ਵਲੋਂ ਸਾਰੀ ਪੂੰਜੀ ਪੀੜਤ ਬੱਚੇ ਦੇ ਇਲਾਜ ਉੱਪਰ ਖ਼ਰਚ ਕੀਤੀ ਜਾ ਚੁੱਕੀ ਹੈ | ਇਸ ਸਮੇਂ ਪਰਿਵਾਰ ਬੱਚੇ ਦਾ ਯੋਗ ਇਲਾਜ ਕਰਵਾਉਣ ਤੋਂ ਵੀ ਅਸਮਰਥ ਹੈ | ਇਸ ਪੀੜਤ ਪਰਿਵਾਰ ਦੇ ਦਰਦ ਨੂੰ ਮਹਿਸੂਸ ਕਰਦਿਆਂ ਗ਼ਰੀਬਾਂ ਅਤੇ ਲੋੜਵੰਦਾਂ ਦੀ ਸੇਵਾ ਵਿਚ ਜੁਟੇ ਸਮਾਜ ਸੇਵੀ ਭਾਨ ਸਿੰਘ ਜੱਸੀ ਵੱਲੋਂ ਬੱਚੇ ਦੇ ਇਲਾਜ ਲਈ 5 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਯੋਗਦਾਨ ਪਾਉਂਦਿਆਂ ਦੇਸ਼ ਵਿਦੇਸ਼ ਦੇ ਦਾਨੀ ਸੱਜਣਾਂ, ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਪੀੜਤ ਬੱਚੇ ਦੀ ਜ਼ਿੰਦਗੀ ਬਚਾਉਣ ਲਈ ਪਰਿਵਾਰ ਦੀ ਦਸਵੰਧ ਰਾਹੀਂ ਮਦਦ ਕਰਨ ਤਾਂ ਕਿ ਇਸ ਪੀੜਤ ਬੱਚੇ ਦਾ ਸਹੀ ਇਲਾਜ ਹੋ ਸਕੇ | ਇਸ ਮੌਕੇ ਭਾਕਿਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਗਿਆਨੀ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ, ਹੈਪੀ ਸਿੰਘ ਛੀਨੀਵਾਲ, ਕੌਰ ਸਿੰਘ ਕਲਾਲ ਮਾਜਰਾ ਨੇ ਸਮਾਜ ਸੇਵੀ ਭਾਨ ਸਿੰਘ ਜੱਸੀ ਪੇਧਨੀ ਦਾ ਧੰਨਵਾਦ ਕਰਦਿਆਂ ਹੋਰਨਾਂ ਨੂੰ ਵੀ ਇਸ ਤੋਂ ਸੇਧ ਲੈ ਕੇ ਇਸ ਲੋਕ ਭਲਾਈ ਦੇ ਕਾਰਜ 'ਚ ਸਹਿਯੋਗ ਦੇਣ ਲਈ ਅੱਗੇ ਆਉਣ ਦੀ ਅਪੀਲ ਕੀਤੀ | ਆਗੂਆਂ ਨੇ ਪੀੜਤ ਵਿਦਿਆਰਥੀ ਦੇ ਮੁਫ਼ਤ ਇਲਾਜ ਲਈ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ |