ਧਨੌਲਾ, 22 ਸਤੰਬਰ (ਜਤਿੰਦਰ ਸਿੰਘ ਧਨੌਲਾ)-ਐਸ.ਐਚ.ਓ ਧਨੌਲਾ ਲਖਬੀਰ ਸਿੰਘ ਨੇ ਕਮਿਊਨਿਟੀ ਹੈਲਥ ਸੈਂਟਰ ਧਨੌਲਾ ਦੇ ਗੇਟ 'ਤੇ ਹੱਲਾ ਗੁੱਲਾ ਮਚਾ ਰਹੇ ਅਤੇ ਨਸ਼ੇ ਦਾ ਸੇਵਨ ਕਰ ਕੇ ਅਸੱਭਿਅਕ ਭਾਸ਼ਾ ਵਰਤ ਕੇ ਲੋਕਾਂ ਨੂੰ ਗਾਲੀ ਗਲੋਚ ਕਰ ਰਹੇ ਦੋ ਨੌਜਵਾਨਾਂ ਨੂੰ ਮੌਕੇ ਤੋਂ ਆ ਕੇ ਦਬੋਚ ਲਿਆ | ਇਕੱਤਰ ਜਾਣਕਾਰੀ ਅਨੁਸਾਰ ਕੁੱਝ ਨਸ਼ੇ ਦੀ ਲਤ 'ਚੋਂ ਲੰਘ ਚੁੱਕੇ ਨੌਜਵਾਨਾਂ ਨੇ ਸਿਹਤ ਵਿਭਾਗ ਦੇ ਕਰਮਚਾਰੀਆਂ ਨਾਲ ਮਿਲ ਕੇ ਸਿਹਤ ਕੇਂਦਰ ਤੋਂ ਮਿਲਣ ਵਾਲੀਆਂ ਨਸ਼ੇ ਦੀਆਂ ਗੋਲੀਆਂ ਲੈਣ ਲਈ ਕਾਰਡ ਬਣਵਾ ਰੱਖੇ ਹਨ | ਜਿਹੜੇ ਕਿ ਅੰਦਰੋਂ ਗੋਲੀਆਂ ਲੈ ਕੇ ਬਾਹਰ ਆ ਕੇ ਮਹਿੰਗੇ ਭਾਅ ਵੇਚਦੇ ਹਨ | ਪਹਿਲਾਂ ਵੀ ਇਸ ਸਥਾਨ 'ਤੇ ਨਸ਼ਾ ਵਿਕਣ ਦੀ ਚਰਚਾ ਅਕਸਰ ਚੱਲਦੀ ਰਹੀ ਹੈ | ਐਸ.ਐਚ.ਓ ਧਨੌਲਾ ਨੇ ਮੌਕੇ 'ਤੇ ਪੁੱਜ ਕੇ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ ਜਦ ਕਿ ਬਾਕੀਆਂ ਦੀ ਪੜਤਾਲ ਕੀਤੀ ਜਾ ਰਹੀ ਹੈ | ਮੁਸਲਿਮ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਮਿੱਠੂ ਖ਼ਾਨ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਬੌਨੀ ਬਾਂਸਲ, ਵਪਾਰ ਮੰਡਲ ਦੇ ਪ੍ਰਧਾਨ ਰਮਣ ਵਰਮਾ ਨੇ ਐਸ.ਐਚ.ਓ ਵਲੋਂ ਅਮਨ ਕਾਨੂੰਨ ਬਹਾਲ ਰੱਖਣ ਦੇ ਤੌਰ ਤਰੀਕਿਆਂ ਦੀ ਐਸ.ਐਚ.ਓ ਧਨੌਲਾ ਦੀ ਨਸ਼ੇ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਅਪਣਾਈ ਗਈ ਰਣਨੀਤੀ ਦੀ ਪੁਰਜ਼ੋਰ ਸਰਾਹੁਣਾ ਕੀਤੀ | ਬੁਲਾਰਿਆਂ ਨੇ ਸਿਵਲ ਸਰਜਨ ਬਰਨਾਲਾ ਪਾਸੋਂ ਮੰਗ ਕਰਦਿਆਂ ਆਖਿਆ ਕਿ ਇੱਥੇ ਨਸ਼ੀਲੀਆਂ ਦਵਾਈਆਂ ਦੇ ਬਣਾਏ ਗਏ ਕਾਰਡਾਂ ਦੀ ਮੁੜ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ |