ਟੱਲੇਵਾਲ, 22 ਸਤੰਬਰ (ਸੋਨੀ ਚੀਮਾ)-ਪੰਜਾਬੀਆਂ ਨੇ ਹੜ੍ਹ ਪੀੜਤਾਂ ਨਾਲ ਅਪਣੱਤ ਦੇ ਰਿਸ਼ਤੇ ਗੰਢ ਕੇ ਦੁਨੀਆਂ ਦਾ ਧਿਆਨ ਖਿੱਚਿਆ ਹੈ | ਖਾਣ-ਪੀਣ ਤੇ ਹੋਰ ਵਸਤੂਆਂ ਸਣੇ ਪੈਸੇ ਦੀ ਖੁੱਲ੍ਹੇ ਦਿਲ ਨਾਲ ਕੀਤੀ ਮਦਦ ਨੇ ਇਨ੍ਹਾਂ ਦੀ ਦਰਿਆਦਿਲੀ ਦਾ ਸਬੂਤ ਦਿੱਤਾ ਹੈ | ਇਹ ਸ਼ਬਦ ਸ: ਭੋਲਾ ਸਿੰਘ ਵਿਰਕ ਸਟੇਟ ਐਵਾਰਡੀ ਨੇ ਪਿੰਡ ਪੱਖੋਕੇ ਵਿਖੇ ਮੌਜੂਦਾ ਪੰਚ ਅਤੇ ਸਮਾਜ ਸੇਵੀ ਆਗੂ ਨਾਇਬ ਸਿੰਘ ਖੂਹ ਵਾਲਾ ਦੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਸੇਵਾ ਅਤੇ ਰਾਹਤ ਦੇ ਇਹ ਕਾਰਜ ਪੰਜਾਬ ਦੀ ਭਾਈਚਾਰਕ ਸਾਂਝ ਵਾਲੇ ਵਿਰਸੇ ਨੂੰ ਮੁੜ ਤਸਦੀਕ ਕਰ ਗਏ | ਕਿਸਾਨ ਅੰਦੋਲਨ ਵੇਲੇ ਜਿਵੇਂ ਦਿੱਲੀ ਦੀਆਂ ਹੱਦਾਂ 'ਤੇ ਪੰਜਾਬੀਆਂ ਦੇ ਜੋਸ਼ ਦਾ ਵਰਤਾਰਾ ਦੇਖਣ ਨੂੰ ਮਿਲਿਆ ਸੀ, ਉਵੇਂ ਹੀ ਇਸ ਸੰਕਟ ਦੇ ਦੌਰ ਵਿਚ ਵੀ ਪੰਜਾਬੀਆਂ ਨੇ ਲੋੜਵੰਦਾਂ ਦੀ ਬਾਂਹ ਫੜੀ ਹੈ | ਰਾਹਾਂ ਵਿਚ ਲੰਗਰਾਂ ਦੀ ਸੇਵਾ ਵੀ ਜਾਰੀ ਰਹੀ | ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਪੰਜਾਬੀ ਆਪਣੇ ਟਰੈਕਟਰ-ਟਰਾਲੀਆਂ ਤੇ ਹੋਰ ਸਾਧਨਾਂ ਰਾਹੀਂ ਵਰਤੋਂ ਵਾਲੀਆਂ ਚੀਜ਼ਾਂ ਦੀਆਂ ਪੰਡਾਂ ਬੰਨ੍ਹ ਕੇ ਪੁੱਜੇ | ਪੰਜਾਬੀਆਂ ਦੇ ਇਸ ਉਪਰਾਲੇ ਵਿਚ ਸਿਆਸੀ ਧਿਰਾਂ, ਪ੍ਰਸ਼ਾਸਨਿਕ ਅਧਿਕਾਰੀ, ਪੰਜਾਬੀ ਗਾਇਕ, ਸਮਾਜਿਕ ਸੰਸਥਾਵਾਂ ਅਤੇ ਹੋਰ ਸੰਗਠਨ ਬਰਾਬਰ ਦੇ ਹਿੱਸੇਦਾਰ ਬਣੇ, ਜੋ ਸਾਡੇ ਵਿਰਸੇ ਦੀ ਪਹਿਚਾਣ ਹੈ | ਇਸ ਮੌਕੇ ਹਰਪਾਲ ਸਿੰਘ ਵਿਰਕ, ਬਲਵੀਰ ਸਿੰਘ ਜਾਗਲ, ਪੰਡਤ ਰਾਜ ਕੁਮਾਰ ਸ਼ਰਮਾ, ਸਾਬਕਾ ਸਰਪੰਚ ਹਰਜਿੰਦਰ ਸਿੰਘ, ਜਗਸੀਰ ਸਿੰਘ ਗੋਰਾ ਪੰਚ, ਅਵਤਾਰ ਸਿੰਘ ਪੰਚ, ਗੀਂਤਾ ਸਿੰਘ, ਰੂਪ ਸਿੰਘ ਸਾਬਕਾ ਪੰਚ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ |