ਬਰਨਾਲਾ, 22 ਸਤੰਬਰ (ਰਾਜ ਪਨੇਸਰ)-ਪਿੰਡ ਖੁੱਡੀ ਕਲਾਂ ਵਿਖੇ ਸੜਕ ਬਣਾਉਣ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਹੋਏ ਟਕਰਾਅ ਦੌਰਾਨ ਪੁਲਿਸ ਵਲੋਂ ਹਿਰਾਸਤ ਵਿਚ ਲਏ ਗਏ ਪਿੰਡ ਦੇ ਸਰਪੰਚ ਤੇ ਹੋਰਨਾਂ ਲੋਕਾਂ ਨੂੰ ਛੁਡਵਾਉਣ ਲਈ ਹਲਕਾ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਤੇ ਕਾਂਗਰਸੀ ਵਰਕਰਾਂ ਵਲੋਂ ਥਾਣਾ ਸਦਰ ਅੱਗੇ ਧਰਨਾ ਦੇ ਕੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਵਿਧਾਇਕ ਕਾਲਾ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੋਕ ਆਪਣੀ ਹਾਰ ਤੋਂ ਬੁਖਲਾਹਟ ਵਿਚ ਆ ਕੇ ਕਾਂਗਰਸ ਪਾਰਟੀ ਨਾਲ ਸਬੰਧਤ ਵਰਕਰਾਂ ਉਪਰ ਝੂਠੇ ਪਰਚੇ ਕਰਵਾ ਰਹੇ ਹਨ | ਉਨ੍ਹਾਂ ਦੱਸਿਆ ਕਿ ਪਿੰਡ ਖੁੱਡੀ ਕਲਾਂ ਵਿਖੇ ਸੜਕ ਬਣਾਉਣ ਸਮੇਂ ਪਿੰਡ ਵਾਸੀਆਂ ਨੇ ਕਿਹਾ ਸੀ ਕਿ ਉਨ੍ਹਾਂ ਦੇ ਘਰ ਨੀਵੇਂ ਹਨ ਅਤੇ ਇਸ ਦੇ ਹੱਲ ਲਈ ਸੜਕ ਬਣਾਉਣ ਤੋਂ ਪਹਿਲਾਂ ਨਾਲਾ ਬਣਨਾ ਚਾਹੀਦਾ ਹੈ | ਇਸ ਸਬੰਧੀ ਡਿਪਟੀ ਕਮਿਸ਼ਨਰ ਵਲੋਂ ਪੰਜ ਮੈਂਬਰੀ ਕਮੇਟੀ ਵੀ ਬਣਾਈ ਗਈ ਅਤੇ ਕਮੇਟੀ ਵਲੋਂ ਨਾਲਾ ਬਣਾਉਣ ਲਈ ਸਹਿਮਤੀ ਦਿੱਤੀ ਗਈ | ਲੇਕਿਨ ਅੱਜ ਆਮ ਆਦਮੀ ਪਾਰਟੀ ਨਾਲ ਸਬੰਧਤ ਆਗੂਆਂ ਵਲੋਂ ਜਿੱਥੇ ਸਬੰਧਤ ਵਿਭਾਗ ਨੂੰ ਨਾਲਾ ਬਣਾਉਣ ਤੋਂ ਰੋਕਿਆ ਗਿਆ ਉਥੇ ਪਿੰਡ ਦੇ ਇੱਕ ਪੰਚਾਇਤ ਮੈਂਬਰ ਨੂੰ ਜਾਤੀ ਸੂਚਕ ਸ਼ਬਦ ਬੋਲੇ ਗਏ ਅਤੇ ਸਾਡੇ ਉਪਰ ਪੱਥਰਾਂ ਨਾਲ ਹਮਲਾ ਕੀਤਾ ਗਿਆ ਹੈ | ਲੇਕਿਨ ਪੁਲਿਸ ਵਲੋਂ ਉਲਟਾ ਪਿੰਡ ਦੇ ਸਰਪੰਚ ਸਮੇਤ ਹੋਰ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ | ਜੋ ਕਿ ਸ਼ਰੇਆਮ ਧੱਕਾ ਅਤੇ ਪਿੰਡ ਵਾਸੀਆਂ ਨਾਲ ਬੇਇਨਸਾਫ਼ੀ ਹੈ | ਵਿਧਾਇਕ ਕਾਲਾ ਢਿੱਲੋਂ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਇਹ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਇਸ ਲਈ ਜਿੰਨਾ ਚਿਰ ਪਿੰਡ ਦੇ ਸਰਪੰਚ ਸਿਮਰਜੀਤ ਸਿੰਘ ਅਤੇ ਹੋਰ ਲੋਕਾਂ ਨੂੰ ਪੁਲਿਸ ਵਲੋਂ ਛੱਡਿਆ ਨਹੀਂ ਜਾਂਦਾ, ਇਹ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ | ਇਸ ਮੌਕੇ ਸਾਬਕਾ ਚੇਅਰਮੈਨ ਗੁਰਜੀਤ ਸਿੰਘ ਖੁੱਡੀ, ਕਾਂਗਰਸੀ ਆਗੂ ਬੀਬੀ ਸੁਖਜੀਤ ਕੌਰ ਸੁੱਖੀ, ਮਹੇਸ਼ ਕੁਮਾਰ ਲੋਟਾ, ਸਤਨਾਮ ਸਿੰਘ ਪੱਤੀ ਸੇਖਵਾਂ, ਵਰੁਣ ਬੱਤਾ, ਕੁਲਦੀਪ ਗੁੱਗ, ਜਥੇਦਾਰ ਕਰਮਜੀਤ ਸਿੰਘ ਬਿੱਲੂ, ਕੈਪਟਨ ਭੁਪਿੰਦਰ ਸਿੰਘ ਝਲੂਰ, ਜਗਤਾਰ ਸਿੰਘ ਪੱਖੋ, ਨਸੀਬ ਚੰਦ, ਬਿੱਟੂ ਸ਼ਰਮਾ, ਗਿਰਧਰ ਮਿੱਤਲ, ਜਸਮੇਲ ਸਿੰਘ ਡੈਅਰੀਵਾਲਾ, ਜਗਦੇਵ ਸਿੰਘ ਸੰਘੇੜਾ, ਸੂਰਤ ਸਿੰਘ ਬਾਜਵਾ, ਕਰਨ ਸਿੰਘ ਉਪਲੀ, ਸੁਰਿੰਦਰਪਾਲ ਬਾਲਾ, ਅਜੈ ਕੁਮਾਰ ਧਨੌਲਾ ਆਦਿ ਹਾਜ਼ਰ ਸਨ |