ਮਹਿਲ ਕਲਾਂ, 23 ਸਤੰਬਰ (ਤਰਸੇਮ ਸਿੰਘ ਗਹਿਲ)-ਬਲਾਕ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਕੁਤਬਾ ਵਿਖੇ ਖੇਤ ਵਿਚ ਕੰਮ ਕਰਦੇ ਸਮੇਂ ਇਕ ਖੇਤ ਮਜ਼ਦੂਰ ਦੀ ਕਰੰਟ ਲੱਗਣ ਨਾਲ ਮੌਤ ਹੋਣ ਦਾ ਦੁੱਖਦਾਈ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਵਿਅਕਤੀ ਦੀ ਪਹਿਚਾਣ ਬੁੱਧ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਕੁਤਬਾ ਵਜੋਂ ਹੋਈ ਜੋ ਅਨੁਸੂਚਿਤ ਜਾਤੀ ਨਾਲ ਸਬੰਧਿਤ ਸੀ, ਮਿ੍ਤਕ ਵਿਅਕਤੀ ਪਿੰਡ ਕੁਤਬਾ ਦੇ ਸਰਪੰਚ ਪ੍ਰਦੀਪ ਸਿੰਘ ਨਾਲ ਖੇਤ ਮਜ਼ਦੂਰ ਵਜੋਂ ਕੰਮ ਕਰਦਾ ਸੀ | ਇਸ ਸਮੇਂ ਪ੍ਰਦੀਪ ਸਿੰਘ ਕੁਤਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਬੁੱਧ ਸਿੰਘ ਅੱਜ ਸਵੇਰੇ ਕਰੀਬ ਖੇਤ ਵਿਚ ਫ਼ਸਲ ਨੂੰ ਪਾਣੀ ਲਗਾਉਣ ਲਈ ਮੋਟਰ ਚਾਲੂ ਕਰਨ ਲੱਗਿਆ ਤਾਂ ਉਸ ਨੂੰ ਇਕਦਮ ਕਰੰਟ ਲੱਗ ਲਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਰਾਏਕੋਟ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਬੁੱਧ ਸਿੰਘ ਨੂੰ ਮਿ੍ਤਕ ਐਲਾਨ ਦਿੱਤਾ ਗਿਆ | ਬੁੱਧ ਸਿੰਘ ਆਪਣੇ ਪਿੱਛੇ ਛੋਟੇ ਬੱਚੇ ਤੇ ਪਤਨੀ ਛੱਡ ਗਿਆ ਹੈ | ਇਸ ਸਮੇਂ ਮਿ੍ਤਕ ਦੇ ਪਰਿਵਾਰ ਨੇ ਪੰਜਾਬ ਸਰਕਾਰ ਪਾਸੋਂ ਮੁਆਵਜ਼ੇ ਦੀ ਮੰਗ ਕੀਤੀ |