ਮਹਿਲ ਕਲਾਂ, 28 ਸਤੰਬਰ (ਅਵਤਾਰ ਸਿੰਘ ਅਣਖੀ)-ਬਰੌਡਵੇ ਪਬਲਿਕ ਸਕੂਲ, ਮਨਾਲ ਵਿਖੇ ਸਮਾਰਟ ਵਿੱਤੀ ਯੋਜਨਾਬੰਦੀ ਅਤੇ ਨਿਵੇਸ਼ ਰਣਨੀਤੀਆਂ 'ਤੇ ਸਕੂਲ ਦੇ ਸਾਰੇ ਅਧਿਆਪਕਾਂ ਨੂੰ ਮਾਰਗ ਦਰਸ਼ਨ, ਪ੍ਰੇਰਿਤ ਕਰਨ ਲਈ 'ਆਪਣੀ ਬੱਚਤ ਕਿਵੇਂ ਬਣਾਈਏ' ਵਿਸ਼ੇ 'ਤੇ ਇਕ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਵਿੱਤੀ ਪ੍ਰਬੰਧਨ ਮਾਹਿਰ ਫਿਨਬਕਸ ਵਿੱਤੀ ਪ੍ਰਬੰਧਨ ਦੇ ਡਾਇਰੈਕਟਰ ਸ: ਜਸਪ੍ਰੀਤ ਸਿੰਘ ਟਿਵਾਣਾ ਅਤੇ ਬੰਧਨ ਮਿਊਚਲ ਫ਼ੰਡ ਦੇ ਵੀਪੀ ਜ਼ੋਨਲ ਹੈੱਡ ਸ੍ਰੀ ਰਾਜੇਸ਼ ਸੋਨੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਜਸਪ੍ਰੀਤ ਸਿੰਘ ਟਿਵਾਣਾ ਅਤੇ ਸ੍ਰੀ ਰਾਜੇਸ਼ ਸੋਨੀ ਨੇ ਆਪਣੇ ਨਿੱਜੀ ਤਜਰਬਿਆਂ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਸਮੇਂ ਸਿਰ ਅਤੇ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਨਿਵੇਸ਼ ਨਾ ਸਿਰਫ਼ ਭਵਿੱਖ ਨੂੰ ਸੁਰੱਖਿਅਤ ਕਰਦਾ ਹੈ ਸਗੋਂ ਆਰਥਿਕ ਸੁਤੰਤਰਤਾ ਵੀ ਪ੍ਰਦਾਨ ਕਰਦਾ ਹੈ | ਉਨ੍ਹਾਂ ਨੇ ਅਧਿਆਪਕਾਂ ਨੂੰ ਫਰਾਡ ਸਕੀਮਾਂ ਤੋਂ ਸਾਵਧਾਨ ਰਹਿਣ ਅਤੇ ਸਰਕਾਰੀ ਜਾਂ ਰਜਿਸਟਰਡ ਵਿੱਤੀ ਸੰਸਥਾਵਾਂ ਰਾਹੀਂ ਹੀ ਨਿਵੇਸ਼ ਕਰਨ ਦੀ ਸਲਾਹ ਦਿੱਤੀ | ਸੈਮੀਨਾਰ ਵਿਚ ਸ਼ਾਮਲ ਸਾਰੇ ਅਧਿਆਪਕਾਂ ਨੇ ਆਪਣਾ ਹਾਂ-ਪੱਖੀ ਹੁੰਗਾਰਾ ਦਿੰਦੇ ਹੋਏ ਵਿੱਤੀ ਯੋਜਨਾ ਨੂੰ ਆਪਣੀ ਜ਼ਿੰਦਗੀ ਵਿਚ ਅਪਣਾਉਣ ਦਾ ਫ਼ੈਸਲਾ ਕੀਤਾ | ਸੈਮੀਨਾਰ ਦੇ ਅੰਤ ਵਿਚ ਸਕੂਲ ਚੇਅਰਮੈਨ ਰਣਜੀਤ ਸਿੰਘ ਚੀਮਾ, ਪਿ੍ੰਸੀਪਲ ਮੁਹੰਮਦ ਆਰਿਫ਼ ਸੈਫੀ ਨੇ ਵਿੱਤੀ ਯੋਜਨਾ ਮਾਹਿਰ ਜਸਪ੍ਰੀਤ ਸਿੰਘ ਟਿਵਾਣਾ, ਸ੍ਰੀ ਰਾਜੇਸ਼ ਸੋਨੀ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਯਾਦਗਾਰੀ ਨਿਸ਼ਾਨੀ ਭੇਟ ਕਰ ਕੇ ਸਨਮਾਨਿਤ ਕੀਤਾ | ਭਵਿੱਖ ਵਿਚ ਵੀ ਅਜਿਹੇ ਸੈਮੀਨਾਰ ਕਰਵਾਉਣ ਦਾ ਵਿਸ਼ਵਾਸ ਦੁਆਇਆ | ਇਸ ਸੈਮੀਨਾਰ ਦੀ ਸਫਲਤਾ ਲਈ ਕਾਮਰਸ ਕੋਆਰਡੀਨੇਟਰ ਸ੍ਰੀ ਨਿਤਿਸ਼ ਜੈਨ ਨੇ ਅਹਿਮ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ |