ਪਿੰਡ ਕੁੱਬੇ ਦੇ ਗੁਰਦੁਆਰਾ ਸਿੰਘਪੁਰਾ ਦੀ ਜ਼ਮੀਨ ਦਾ ਮਾਮਲਾ ਟਕਰਾਅ ਵੱਲ ਵਧਿਆ
ਅਜੀਤ ਡੈਸਕ
29-09-2025
ਧਨੌਲਾ, 28 ਸਤੰਬਰ (ਜਤਿੰਦਰ ਸਿੰਘ ਧਨੌਲਾ)-ਗੁਰਦੁਆਰਾ ਸਿੰਘਪੁਰਾ ਸਾਹਿਬ ਪਿੰਡ ਕੁੱਬੇ ਦਾ ਗੁਰਦੁਆਰੇ ਦੀ ਜ਼ਮੀਨੀ ਵਿਵਾਦ ਨੂੰ ਲੈ ਕੇ ਵਧਿਆ ਟਕਰਾ ਜੰਗਲ ਦੀ ਅੱਗ ਵਾਂਗ ਵਧਦਾ ਜਾ ਰਿਹਾ ਹੈ | ਪਿੰਡ ਵਲੋਂ ਗਠਿਤ ਕੀਤੀ ਗਈ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਖ਼ਤਿਆਰ ਸਿੰਘ, ਮੀਤ ਪ੍ਰਧਾਨ ਬਲਜੀਤ ਸਿੰਘ, ਜਰਨਲ ਸਕੱਤਰ ਜੀਤ ਸਿੰਘ, ਮੈਂਬਰ ਮਨਜੀਤ ਸਿੰਘ, ਮੈਂਬਰ ਜਗਰੂਪ ਸਿੰਘ, ਨਛੱਤਰ ਸਿੰਘ, ਜੰਟਾ ਸਿੰਘ ਅਤੇ ਅਜੰਟਾ ਸਿੰਘ ਨੇ ਪਿੰਡ ਕੁੱਬੇ ਦੀ ਧਰਮਸ਼ਾਲਾ ਵਿਖੇ ਰੱਖੀ ਵਿਸ਼ਾਲ ਇਕੱਤਰਤਾ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਬਾ ਬੂਟਾ ਸਾਈਕਲ 'ਤੇ ਸਿਲਾਈ ਮਸ਼ੀਨ ਲੈ ਕੇ ਗ੍ਰੰਥੀ ਬਣਨ ਵਾਸਤੇ ਪਿੰਡ ਕੁੱਬੇ ਗੁਰਦੁਆਰਾ ਸਿੰਘਪੁਰਾ ਆਇਆ ਸੀ | ਪਿੰਡ ਦੀ ਸੰਗਤ ਨੇ ਉਸ ਦੇ ਸਨਿਮਰ ਭਾਵ ਨੂੰ ਵਾਚਦਿਆਂ ਉਸ ਨੂੰ ਗ੍ਰੰਥੀ ਰੱਖ ਲਿਆ ਸੀ ਪ੍ਰੰਤੂ ਅੱਜ ਬਾਬਾ ਬੂਟਾ ਸਿੰਘ ਕਰੋੜਾਂ ਦੀ ਜਾਇਦਾਦ ਦਾ ਮਾਲਕ ਬਣ ਚੁੱਕਿਆ ਹੈ | ਉਨ੍ਹਾਂ ਇਹ ਵੀ ਆਖਿਆ ਕਿ ਬਾਬਾ ਬੂਟਾ ਸਿੰਘ ਆਪਣਾ ਸ਼੍ਰੋਮਣੀ ਕਮੇਟੀ ਦਾ ਰਸੂਖ਼ ਵਰਤ ਕੇ ਅਤੇ ਗਰਮ ਖ਼ਿਆਲੀ ਸ਼ਸਤਰਧਾਰੀ ਲੋਕਾਂ ਨੂੰ ਨਾਲ ਲਿਆ ਕੇ ਪਿੰਡ ਦੇ ਲੋਕਾਂ ਨੂੰ ਡਰਾ ਧਮਕਾ ਵੀ ਰਿਹਾ ਹੈ | ਉਨ੍ਹਾਂ ਦੱਸਿਆ ਕਿ ਬੂਟਾ ਸਿੰਘ ਨੇ ਮੁੱਖ ਪ੍ਰਬੰਧਕ ਵਜੋਂ ਸੇਵਾ ਨਿਭਾਉਂਦੇ ਗੁਰਦੁਆਰਾ ਸਾਹਿਬ ਦੀ ਛੇ ਏਕੜ ਰਕਬੇ ਦੀ ਗਿਰਦਾਵਰੀ ਤਕਨੀਕੀ ਨੁਕਤਿਆਂ ਦੀ ਦੁਰਵਰਤੋਂ ਕਰ ਕੇ ਆਪਣੇ ਨਾਮ ਕਰਵਾ ਲਈ ਹੈ | ਉਨ੍ਹਾਂ ਨੂੰ ਦੱਸਿਆ ਕਿ ਡੀ.ਡੀ.ਪੀ.ਓ. ਨੇ ਤਿੰਨ ਏਕੜ ਰਕਬੇ ਦੀ ਪੈਰਵੀ ਸੁਣਨ ਉਪਰੰਤ ਫ਼ੈਸਲਾ ਸੰਘਰਸ਼ ਕਮੇਟੀ ਦੇ ਹੱਕ ਵਿਚ ਕਰ ਦਿੱਤਾ ਹੈ | ਪਿੰਡ ਦੇ ਲੋਕਾਂ ਵਲੋਂ ਕੀਤੀ ਜਾ ਰਹੀ ਚਰਚਾ ਦੌਰਾਨ ਬਾਬੇ ਬੂਟੇ ਕੋਲ ਰਹਿ ਰਹੀਆਂ ਤਿੰਨ ਅÏਰਤਾਂ ਬਾਰੇ ਵੀ ਗੰਭੀਰ ਦੋਸ਼ ਲਾਏ ਗਏ | ਜਿਨ੍ਹਾਂ ਬਾਰੇ ਪੱਖ ਸਪੱਸ਼ਟ ਕਰਦਿਆਂ ਬਾਬਾ ਬੂਟਾ ਸਿੰਘ ਨੇ ਆਖਿਆ ਕਿ ਇਹ ਦੋਸ਼ ਝੂਠ ਦਾ ਪੁਲੰਦਾ ਹਨ ਤੇ ਇਨ੍ਹਾਂ ਵਿਚ ਕੋਈ ਵੀ ਸਚਾਈ ਨਹੀਂ ਹੈ | ਉਨ੍ਹਾਂ ਦੱਸਿਆ ਕਿ ਬਾਬਾ ਬੂਟਾ ਸਿੰਘ ਅਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਇਸ ਮਸਲੇ ਸਬੰਧੀ ਕੇਸ ਜੇ.ਡੀ.ਸੀ. ਮੁਹਾਲੀ ਅਤੇ ਏ.ਡੀ.ਸੀ. ਬਰਨਾਲਾ ਪਾਸ ਦਾਇਰ ਕਰ ਦਿੱਤਾ ਗਿਆ ਹੈ | ਬੇਸ਼ੱਕ ਇਸ ਗੱਲ ਦਾ ਨਿਰਣਾਂ ਤਾਂ ਪੈਰਵੀ ਉਪਰੰਤ ਹੀ ਨਿੱਤਰ ਕੇ ਸਾਹਮਣੇ ਆ ਸਕੇਗਾ | ਪੰ੍ਰਤੂ ਮੌਜੂਦਾ ਸਥਿਤੀ ਕਿਸੇ ਵੀ ਸਮੇਂ ਗੰਭੀਰ ਰੂਪ ਧਾਰਨ ਕਰ ਸਕਦੀ ਹੈ | ਪਿੰਡ ਦੇ ਪਤਵੰਤਿਆਂ ਦਾ ਕਹਿਣਾ ਸੀ ਕਿ ਜੇ ਸਰਕਾਰੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਕੋਈ ਨਿਆਂ ਨਾ ਦਿੱਤਾ ਤਾਂ ਪਿੰਡ ਕੁੱਬੇ ਦੇ ਲੋਕ, ਪਿੰਡ ਅਤਰਗੜ੍ਹ ਅਤੇ ਪਿੰਡ ਭੂਰੇ ਦੇ ਲੋਕਾਂ ਨੂੰ ਨਾਲ ਲੈ ਕੇ ਅਣਮਿਥੇ ਸਮੇਂ ਲਈ ਤਿੱਖਾ ਸੰਘਰਸ਼ ਵਿੱਢ ਦੇਣਗੇ |