ਮਹਿਲ ਕਲਾਂ, 4 ਨਵੰਬਰ (ਅਵਤਾਰ ਸਿੰਘ ਅਣਖੀ)-ਪੰਜਾਬ ਸਰਕਾਰ ਦਾ ਇਨਕਲਾਬੀ ਹੋਣ ਦਾ ਸਾਰਾ ਮੁਲੰਮਾ ਉਤਰ ਕੇ ਲੋਕ ਵਿਰੋਧੀ ਅਸਲੀਅਤ ਉੱਘੜ ਕੇ ਸਾਹਮਣੇ ਆ ਗਈ ਹੈ | ਸਰਕਾਰ ਦੀ ਬਦ ਇੰਤਜ਼ਾਮੀ ਕਾਰਨ ਤਹਿਸੀਲਾਂ 'ਚ ਰਜਿਸਟਰੀਆਂ ਕਰਵਾਉਣ ਆਉਂਦੇ ਲੋਕ ਰੋਜ਼ਾਨਾ ਹੀ ਖੱਜਲ ਖ਼ੁਆਰ ਹੁੰਦੇ ਦੇਖੇ ਜਾ ਰਹੇ ਹਨ | ਇਹ ਪ੍ਰਗਟਾਵਾ ਭਾਕਿਯੂ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਇੱਥੇ ਤਹਿਸੀਲ ਕੰਪਲੈਕਸ ਵਿਖੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਦੱਸਿਆ ਕਿ ਅੱਜ ਸਵੇਰ ਤੋਂ ਹੀ ਈਜੀ ਰਜਿਸਟਰੀ ਪੋਰਟਲ ਬੰਦ ਹੈ | ਰਜਿਸਟਰੀਆਂ ਕਰਵਾਉਣ ਵਾਲੇ ਕਿਸਾਨ ਅਤੇ ਹੋਰ ਲੋਕ ਇਸ ਦੇ ਚੱਲਣ ਦੀ ਉਡੀਕ ਕਰ ਰਹੇ ਹਨ | ਲੋਕ ਵਾਰ-ਵਾਰ ਤਹਿਸੀਲ ਦਫ਼ਤਰ ਦੇ ਕਰਮਚਾਰੀਆਂ ਨੂੰ ਪੁੱਛਦੇ ਹਨ, ਪ੍ਰੰਤੂ ਕਰਮਚਾਰੀ ਬੇਬਸੀ ਜ਼ਾਹਿਰ ਕਰਦਿਆਂ ਕਹਿੰਦੇ ਹਨ, ਕਿ ਪੋਰਟਲ ਬੰਦ ਹੋਣ ਕਾਰਨ ਦੁਖੀ ਲੋਕਾਂ ਤੋਂ ਤਰਾਂ-ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਹਨ | ਸੂਬਾ ਪ੍ਰਧਾਨ ਧਨੇਰ ਨੇ ਕਿਹਾ ਕਿ ਮਾਨ ਸਰਕਾਰ ਸਿਰਫ਼ ਗੱਲਾਂ ਦਾ ਕੜਾਹ ਬਣਾਉਂਦੀ ਹੈ, ਲੋਕਾਂ ਦੇ ਮਸਲਿਆਂ ਵੱਲ ਇਸ ਦਾ ਕੋਈ ਧਿਆਨ ਨਹੀਂ ਹੈ | ਰਾਜਾਂ ਦੇ ਅਧਿਕਾਰਾਂ 'ਤੇ ਡਾਕਾ ਮਾਰਨ ਵਾਲੇ ਬਿਜਲੀ ਸੋਧ ਬਿੱਲ 2025 ਦੇ ਸਬੰਧ 'ਚ ਅੱਜ ਤੱਕ ਮੁੱਖ ਮੰਤਰੀ ਨੇ ਕੋਈ ਬਿਆਨ ਤੱਕ ਨਹੀਂ ਦਿੱਤਾ | ਹੜ੍ਹ ਪੀੜਤ ਲੋਕਾਂ ਨੂੰ ਮੁਆਵਜ਼ੇ ਦੇ ਨਾਂਅ 'ਤੇ ਸਿਰਫ਼ ਦਰਸ਼ਨੀ ਕਾਰਵਾਈਆਂ ਕਰ ਕੇ ਸਾਰ ਲਿਆ ਗਿਆ ਹੈ | ਡੈਮ ਸੇਫ਼ਟੀ ਐਕਟ ਦਾ ਵੀ ਕੋਈ ਵਿਰੋਧ ਨਹੀਂ ਕੀਤਾ ਅਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਵਿਰੋਧ ਕਰਨ ਦੇ ਬਾਵਜੂਦ ਜਲ ਸੋਧ ਐਕਟ ਪੰਜਾਬ ਅੰਦਰ ਲਾਗੂ ਕਰ ਦਿੱਤਾ ਹੈ | ਹੁਣ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਨੂੰ ਭੰਗ ਕਰ ਕੇ ਪੰਜਾਬ ਦੇ ਅਧਿਕਾਰਾਂ 'ਤੇ ਹੋਰ ਡਾਕਾ ਮਾਰਿਆ ਹੈ, ਪ੍ਰੰਤੂ ਮੁੱਖ ਮੰਤਰੀ ਇਸ ਪਾਸੇ ਧਿਆਨ ਦੇਣ ਦੀ ਥਾਂ ਤਰਨਤਾਰਨ ਦੀ ਜ਼ਿਮਨੀ ਚੋਣ 'ਚ ਉਲਝੇ ਹੋਏ ਹਨ | ਸੂਬਾ ਪ੍ਰਧਾਨ ਧਨੇਰ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਭੰਗ ਕਰਨ ਦੇ ਖ਼ਿਲਾਫ਼ ਵਿਦਿਆਰਥੀਆਂ ਦੇ ਚੱਲ ਰਹੇ ਸੰਘਰਸ਼ ਦੀ ਭਾਕਿਯੂ ਏਕਤਾ ਡਕੌਂਦਾ ਸਰਗਰਮ ਹਮਾਇਤ ਕਰੇਗੀ | 26 ਨਵੰਬਰ ਨੂੰ ਭਖਦੀਆਂ ਕਿਸਾਨੀ ਮੰਗਾਂ 'ਤੇ ਜ਼ੋਰ ਦੇਣ ਲਈ ਸੰਯੁਕਤ ਕਿਸਾਨ ਮੋਰਚਾ ਚੰਡੀਗੜ੍ਹ ਵੱਲ ਮਾਰਚ ਕਰੇਗਾ | ਕਿਸਾਨ ਆਗੂ ਨੇ ਕਿਹਾ ਕਿ ਬੇਮੌਸਮੀ ਬਰਸਾਤ, ਹਲਦੀ ਰੋਗ ਅਤੇ ਚੀਨੀ ਵਾਇਰਸ ਵਲੋਂ ਪੈਦਾ ਕੀਤੇ ਮਧਰੇ ਰੋਗ ਕਾਰਨ ਝੋਨੇ ਦਾ ਝਾੜ 8 ਤੋਂ 10 ਕੁਇੰਟਲ ਪ੍ਰਤੀ ਏਕੜ ਘੱਟ ਗਿਆ ਹੈ | ਪ੍ਰੰਤੂ ਲੋਕਾਂ ਨੂੰ ਕੋਈ ਰਾਹਤ ਦੇਣ ਦੀ ਥਾਂ ਪਰਾਲੀ ਦੇ ਬਹਾਨੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਜਿਸ ਨੂੰ ਜਥੇਬੰਦੀ ਵਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਚਿਤਾਵਨੀ ਸੁਰ ਵਿਚ ਕਿਹਾ ਕਿ ਰਾਜ ਸਰਕਾਰ ਕਿਸਾਨੀ ਮੰਗਾਂ ਵੱਲ ਤੁਰੰਤ ਧਿਆਨ ਦੇਵੇ, ਨਹੀਂ ਤਾਂ ਲੋਕਾਂ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ |