ਬਰਨਾਲਾ, 18 ਦਸੰਬਰ (ਨਰਿੰਦਰ ਅਰੋੜਾ)-ਸਿਹਤ ਮੰਤਰੀ ਪੰਜਾਬ ਡਾ: ਬਲਬੀਰ ਸਿੰਘ ਵਲੋਂ ਬੱਚੀ ਭਰੂਣ ਹੱਤਿਆ ਰੋਕਣ ਅਤੇ ਲਿੰਗ ਅਨੁਪਾਤ 'ਚ ਸੁਧਾਰ ਲਿਆਉਣ ਲਈ ਜ਼ਿਲ੍ਹਾ ਬਰਨਾਲਾ ਦਾ ਸਨਮਾਨ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਚਾ. ਸਿਵਲ ਸਰਜਨ ਬਰਨਾਲਾ ਡਾ: ਗੁਰਮਿੰਦਰ ਕੌਰ ਅÏਜਲਾ ਨੇ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਤਹਿਤ ਪੀ.ਸੀ-ਪੀ.ਐਨ.ਡੀ.ਟੀ ਐਕਟ (ਲਿੰਗ ਜਾਂਚ 'ਤੇ ਪਾਬੰਦੀ ਕਾਨੂੰਨ) ਤੇ ਸੂਬਾ ਪੱਧਰੀ ਸਮਰੱਥਾ ਨਿਰਮਾਣ ਵਰਕਸ਼ਾਪ ਕਰਵਾਈ ਗਈ | ਜਿਸ ਵਿਚ ਸਿਹਤ ਮੰਤਰੀ ਪੰਜਾਬ ਡਾ: ਬਲਬੀਰ ਸਿੰਘ ਵੱਲੋਂ ਬੱਚੀ ਭਰੂਣ ਹੱਤਿਆ ਰੋਕਣ ਅਤੇ ਲਿੰਗ ਅਨੁਪਾਤ 'ਚ ਸੁਧਾਰ ਲਿਆਉਣ ਲਈ ਜ਼ਿਲ੍ਹਾ ਬਰਨਾਲਾ ਦਾ ਸਨਮਾਨ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਅਧਿਕਾਰੀ/ਕਰਮਚਾਰੀ ਅਤੇ ਆਸ਼ਾ ਵਰਕਰਜ਼ ਵਲੋਂ ਗਰਭ ਅਵਸਥਾ ਦੌਰਾਨ ਨਿਯਮਤ ਨਿਗਰਾਨੀ ਰੱਖਣ ਅਤੇ ਇਮੇਜ਼ਿੰਗ ਤਕਨੀਕ ਜਿਵੇਂ ਸੀ.ਟੀ ਸਕੈਨ, ਐਮ.ਆਰ.ਆਈ ਅਤੇ ਬੀ ਸਕੈਨ (ਅੱਖਾਂ ਦੀ ਸਕੈਨ) ਵਾਲੀਆਂ ਥਾਵਾਂ ਦੀ ਵੀ ਜਾਂਚ ਵੀ ਕੀਤੀ ਜਾ ਰਹੀ ਹੈ ਤਾਂ ਜੋ ਲਿੰਗ ਅਨੁਪਾਤ 'ਚ ਸੁਧਾਰ ਲਿਆਂਦਾ ਜਾ ਸਕੇ | ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਅਧੀਨ 30 ਰਜਿਸਟਰਡ ਅਲਟਰਾਸਾਊਾਡ ਸੈਂਟਰ ਹਨ | ਸਿਹਤ ਵਿਭਾਗ ਵਲੋਂ ਇਨ੍ਹਾਂ ਸੈਂਟਰਾਂ ਦੀ ਸਮੇਂ-ਸਮੇਂ 'ਤੇ ਚੈਕਿੰਗ ਕਰ ਕੇ ਰਿਕਾਰਡ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਪੀ ਸੀ-ਪੀ.ਐਨ.ਡੀ.ਟੀ ਐਕਟ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਜਾਂਦੀ ਹੈ | ਸਿਹਤ ਵਿਭਾਗ ਦੇ ਕਰਮਚਾਰੀ/ਅਧਿਕਾਰੀ ਅਤੇ ਆਸ਼ਾ ਵੱਲੋਂ ਸਮੇਂ-ਸਮੇਂ 'ਤੇ ਲੋਕਾਂ ਨੂੰ ਐਕਟ ਬਾਰੇ ਜਾਗਰੂਕ ਕੀਤਾ ਜਾਂਦਾ ਹੈ | ਇਸ ਸੂਬਾ ਪੱਧਰੀ ਵਰਕਸ਼ਾਪ ਵਿਚ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਬਰਨਾਲਾ ਡਾ: ਪ੍ਰਵੇਸ਼ ਕੁਮਾਰ, ਜ਼ਿਲ੍ਹਾ ਅਟਾਰਨੀ ਗਗਨਦੀਪ ਭਾਰਦਵਾਜ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਕੁਲਵੰਤ ਸਿੰਘ ਵਲੋਂ ਸ਼ਿਰਕਤ ਕੀਤੀ ਗਈ |