ਤਪਾ ਮੰਡੀ, 27 ਦਸੰਬਰ (ਵਿਜੇ ਸ਼ਰਮਾ)-ਪਿਛਲੇ ਦਿਨੀਂ ਤਪਾ ਅੰਦਰ ਹੋਈਆਂ ਵਾਰਦਾਤਾਂ ਨੂੰ ਲੈ ਕੇ ਸ਼ਹਿਰ ਵਾਸੀ ਕਾਫੀ ਸਹਿਮੇ ਹੋਏ ਸਨ ਅਤੇ ਲੁੱਟ-ਖੋਹ ਕਰਨ ਵਾਲਿਆਂ ਨੇ ਸ਼ਹਿਰ ਅੰਦਰ ਕੁੱਝ ਵਿਅਕਤੀਆਂ ਨੂੰ ਜ਼ਖ਼ਮੀ ਕਰ ਦਿੱਤਾ | ਜਿਸ ਦੇ ਰੋਸ ਵਜੋਂ ਤਪਾ ਮੰਡੀ ਕੁੱਝ ਘੰਟਿਆਂ ਲਈ ਬੰਦ ਵੀ ਰਹੀ | ਪਰ ਪੁਲਿਸ ਦੇ ਭਰੋਸੇ ਤੋਂ ਬਾਅਦ ਤਪਾ ਮੰਡੀ ਦੇ ਬਾਜ਼ਾਰ ਖੁੱਲ੍ਹ ਗਏ ਅਤੇ ਐਸ.ਪੀ. (ਡੀ) ਬਰਨਾਲਾ ਅਸ਼ੋਕ ਸ਼ਰਮਾ ਤੇ ਉਨ੍ਹਾਂ ਦੀ ਟੀਮ ਵਲੋਂ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ 24 ਘੰਟਿਆਂ ਦੇ ਅੰਦਰ-ਅੰਦਰ ਲੁੱਟ ਖੋਹ ਕਰਨ ਵਾਲੇ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ | ਜਿਸ ਤਹਿਤ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਹੋਇਆਂ ਕੁੱਝ ਘੰਟਿਆਂ ਵਿਚ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ | ਜਿਸ 'ਤੇ ਸ਼ਹਿਰ ਦੀਆਂ ਸੰਸਥਾਵਾਂ ਵਲੋਂ ਸ੍ਰੀ ਗੀਤਾ ਭਵਨ ਵਿਚ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਕਰ ਕੇ ਐਸ.ਪੀ. (ਡੀ) ਅਸ਼ੋਕ ਸ਼ਰਮਾ, ਡੀ.ਐਸ.ਪੀ. ਗੁਰਪ੍ਰੀਤ ਸਿੰਘ ਸਿੱਧੂ, ਥਾਣਾ ਇੰਚਾਰਜ ਸ਼ਰੀਫ਼ ਖ਼ਾਨ ਅਤੇ ਸਿਟੀ ਇੰਚਾਰਜ ਕਰਮਜੀਤ ਸਿੰਘ ਦਾ ਸਨਮਾਨ ਕੀਤਾ ਗਿਆ | ਸਮਾਗਮ ਦੌਰਾਨ ਆਗੂਆਂ ਨੇ ਕਿਹਾ ਕਿ ਸ਼ਹਿਰ ਅੰਦਰ ਲਗਾਤਾਰ ਲੁੱਟ ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਸਨ | ਜਿਸ 'ਤੇ ਪੁਲਿਸ ਨੇ ਆਪਣੇ ਦਿੱਤੇ ਹੋਏ ਸਮੇਂ ਮੁਤਾਬਿਕ ਲੁਟੇਰਿਆਂ ਨੂੰ ਕਾਬੂ ਕਰ ਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ | ਐਸ.ਪੀ.(ਡੀ.) ਅਸ਼ੋਕ ਸ਼ਰਮਾ ਨੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਪੁਲਿਸ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕਰਦੀ ਰਹੇਗੀ ਅਤੇ ਕਿਸੇ ਵੀ ਸ਼ਹਿਰ ਵਾਸੀ ਨੂੰ ਆਂਚ ਨਹੀਂ ਆਉਣ ਦਿੱਤੀ ਜਾਵੇਗੀ | ਡੀ.ਐਸ.ਪੀ. ਗੁਰਪ੍ਰੀਤ ਸਿੰਘ ਸਿੱਧੂ ਨੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਮਦਨ ਲਾਲ ਗਰਗ, ਤਰਲੋਚਨ ਬਾਂਸਲ, ਸੰਦੀਪ ਵਿੱਕੀ ਚੇਅਰਮੈਨ ਵਪਾਰ ਮੰਡਲ, ਦੀਪਕ ਬਾਂਸਲ ਮੰਡਲ ਪ੍ਰਧਾਨ, ਕੌਂਸਲਰ ਧਰਮਪਾਲ ਸ਼ਰਮਾ, ਕੌਂਸਲਰ ਅਮਰਜੀਤ ਸਿੰਘ, ਕੇਵਲ ਕਿ੍ਸ਼ਨ ਮਿੱਤਲ, ਰਾਹੁਲ ਭਾਗਾਂ ਵਾਲਾ, ਸਾਬਕਾ ਕੌਂਸਲਰ ਗੁਰਮੀਤ ਸਿੰਘ ਰੋਡ, ਰਮਨੀਕ ਸ਼ਰਮਾ ਤੋਂ ਇਲਾਵਾ ਸੰਸਥਾਵਾਂ ਦੇ ਆਗੂ ਹਾਜ਼ਰ ਸਨ |