ਟੱਲੇਵਾਲ, 29 ਦਸੰਬਰ (ਸੋਨੀ ਚੀਮਾ)-ਥਾਣਾ ਸਦਰ ਅਧੀਨ ਆਉਂਦੇ ਪਿੰਡ ਚੀਮਾ ਵਿਖੇ ਬੀਤੀ ਰਾਤ ਪਿੰਡ ਦੇ ਦਰਜਨ ਦੇ ਕਰੀਬ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਹੋ ਗਈਆਂ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਕਾਲਾ ਜ਼ਿਲ੍ਹਾ ਆਗੂ ਕਾਦੀਆਂ ਨੇ ਦੱਸਿਆ ਕਿ ਪਿੰਡ ਚੀਮਾ ਦੇ ਨਾਈਵਾਲਾ ਰੋਡ 'ਤੇ ਪੈਂਦੇ ਕਿਸਾਨਾਂ ਦੇ ਖੇਤਾਂ ਵਿਚੋਂ ਚੋਰ ਗਰੋਹ ਨੇ ਕੇਬਲ ਤਾਰਾਂ ਚੋਰੀ ਕਰ ਲਈਆਂ ਹਨ | ਉਨ੍ਹਾਂ ਦੱਸਿਆ ਕਿ ਉਕਤ ਚੋਰੀ ਦੌਰਾਨ ਉਨ੍ਹਾਂ ਸਮੇਤ ਕੇਵਲ ਸਿੰਘ ਨੰਬਰਦਾਰ, ਪਾਲ ਸਿੰਘ ਚੀਮਾ, ਦਰਸ਼ਨ ਸਿੰਘ, ਬਹਾਦਰ ਸਿੰਘ, ਸੀਪਾ ਜਾਗਲ, ਲੱਖੀ ਸਿੰਘ, ਕੌਰਾ ਸਿੰਘ ਪਾਰੀ ਕਾ ਆਦਿ ਕਿਸਾਨਾਂ ਤੋਂ ਇਲਾਵਾ ਹੋਰ ਕਈ ਕਿਸਾਨਾਂ ਦੇ ਖੇਤਾਂ ਵਿਚੋਂ ਚੋਰ ਗਰੋਹ ਨੇ ਕੇਬਲ ਤਾਰਾਂ ਚੋਰੀ ਕੀਤੀਆਂ ਹਨ | ਉਕਤ ਕਿਸਾਨਾਂ ਨੇ ਦੱਸਿਆ ਕਿ ਚੋਰ ਗਿਰੋਹ ਨੇ ਲੰਬੇ ਸਮੇਂ ਤੋਂ ਕਿਸਾਨਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ ਅਤੇ ਲਗਾਤਾਰ ਕਿਸਾਨਾਂ ਦੀਆਂ ਮੋਟਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਜਿਸ ਦੇ ਚੱਲਦਿਆਂ ਕਿਸਾਨਾਂ ਦਾ ਆਰਥਿਕ ਨੁਕਸਾਨ ਤਾਂ ਹੋ ਹੀ ਰਿਹਾ ਹੈ, ੳੱੁਥੇ ਇਕੱਲਾ ਕਿਸਾਨ ਰਾਤ ਬਰਾਤੇ ਖੇਤ ਜਾਣ ਤੋਂ ਵੀ ਘਬਰਾ ਰਹੇ ਹਨ | ਉਨ੍ਹਾਂ ਮੰਗ ਕੀਤੀ ਕਿ ਜਲਦ ਇਸ ਚੋਰ ਗਿਰੋਹ ਨੂੰ ਫੜ ਕੇ ਕਿਸਾਨਾਂ ਨੂੰ ਰਾਹਤ ਦਿਵਾਈ ਜਾਵੇ | ਇਸ ਘਟਨਾ ਉਪਰੰਤ ਪੱਖੋ ਕੈਂਚੀਆਂ ਪੁਲਿਸ ਟੀਮ ਨੇ ਵੀ ਮੌਕਾ ਦੇਖਿਆ ਹੈ |