ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸ਼੍ਰੋਮਣੀ ਕਮੇਟੀ ਦੀ ਕਾਰਜਸ਼ੈਲੀ

Ad Position 21
No active advertisement
ਅਜੀਤ ਡੈਸਕ 05-11-2025

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿਚ ਸ. ਹਰਜਿੰਦਰ ਸਿੰਘ ਧਾਮੀ ਨੂੰ ਮੁੜ ਪ੍ਰਧਾਨ ਚੁਣ ਲਿਆ ਗਿਆ ਹੈ। ਇਸ ਚੋਣ ਵਿਚ ਉਨ੍ਹਾਂ ਪ੍ਰਤੀ ਪਹਿਲਾਂ ਨਾਲੋਂ ਵਧੇਰੇ ਮੈਂਬਰਾਂ ਨੇ ਹੁੰਗਾਰਾ ਭਰ ਕੇ ਉਨ੍ਹਾਂ ਨੂੰ ਇਕ ਵੱਡੀ ਜਿੱਤ ਦਵਾਈ ਹੈ। ਜਿੱਥੋਂ ਤੱਕ ਸ. ਧਾਮੀ ਦਾ ਸੰਬੰਧ ਹੈ, ਉਨ੍ਹਾਂ ਦਾ ਜੀਵਨ ਬੇਹੱਦ ਸਾਦਗੀ ਭਰਪੂਰ ਹੈ ਅਤੇ ਉਹ ਹਰ ਪੱਖੋਂ ਆਪਣੇ ਉੱਚ ਆਚਰਨ ਕਰਕੇ ਜਾਣੇ ਜਾਂਦੇ ਹਨ। ਇਹ ਉਨ੍ਹਾਂ ਦੀ ਇਸ ਅਹੁਦੇ ਲਈ ਪੰਜਵੀਂ ਚੋਣ ਹੈ। ਪਹਿਲੇ 4 ਸਾਲ ਉਨ੍ਹਾਂ ਨੂੰ ਅਨੇਕਾਂ ਚੁਣੌਤੀਆਂ 'ਚੋਂ ਗੁਜ਼ਰਨਾ ਪਿਆ। ਉਨ੍ਹਾਂ 'ਤੇ ਇਕ ਧੜੇ ਦਾ ਹਾਮੀ ਹੋਣ ਦੇ ਦੋਸ਼ ਵੀ ਲੱਗਦੇ ਰਹੇ ਪਰ ਉਨ੍ਹਾਂ ਦੇ ਸਦਾਚਾਰ 'ਤੇ ਕਿਸੇ ਨੇ ਉਂਗਲ ਨਹੀਂ ਉਠਾਈ। ਪਿਛਲੇ ਸਮੇਂ ਵਿਚ ਪੰਥਕ ਸਫ਼ਾਂ ਵਿਚ ਜੋ ਕੁਝ ਵਾਪਰਦਾ ਰਿਹਾ ਹੈ, ਉਸ ਤੋਂ ਨਿਰਾਸ਼ ਹੋ ਕੇ ਇਕ ਸਮੇਂ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਵੀ ਦੇ ਦਿੱਤਾ ਸੀ। ਬਾਅਦ ਵਿਚ ਇਹ ਅਸਤੀਫ਼ਾ ਵਾਪਸ ਲੈਣ 'ਤੇ ਉਨ੍ਹਾਂ 'ਤੇ ਉਂਗਲੀਆਂ ਵੀ ਉੱਠੀਆਂ ਸਨ। ਪਰ ਜਿਸ ਯੋਗਤਾ ਤੇ ਠਹਿਰਾਅ ਨਾਲ ਉਨ੍ਹਾਂ ਨੇ ਦਰਪੇਸ਼ ਪੰਥਕ ਮਸਲਿਆਂ ਨੂੰ ਨਬੇੜਨ ਦਾ ਯਤਨ ਕੀਤਾ, ਇਸ ਕਰਕੇ ਪਿਛਲੇ ਸਮੇਂ ਵਿਚ ਉਨ੍ਹਾਂ ਦੀ ਸ਼ਖ਼ਸੀਅਤ ਦਾ ਪ੍ਰਭਾਵ ਜ਼ਰੂਰ ਵਧਿਆ ਹੈ। ਅੱਜ ਜਿਸ ਤਰ੍ਹਾਂ ਦੇ ਹਾਲਾਤ 'ਚੋਂ ਪੰਥ ਗੁਜ਼ਰ ਰਿਹਾ ਹੈ, ਉਸ ਨੂੰ ਵੇਖਦਿਆਂ ਆਉਂਦੇ ਸਮੇਂ ਵਿਚ ਉਨ੍ਹਾਂ ਨੂੰ ਹੋਰ ਵੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਇਸ ਦੇ ਨਾਲ ਹੀ ਉਨ੍ਹਾਂ ਤੋਂ ਹੋਰ ਵੀ ਵਧੇਰੇ ਸਾਰਥਕ ਰੋਲ ਦੀ ਵੀ ਆਸ ਕੀਤੀ ਜਾਏਗੀ।
ਸਿੱਖ ਗੁਰਦੁਆਰਾ ਐਕਟ ਅੰਗਰੇਜ਼ ਹਕੂਮਤ ਸਮੇਂ 1925 ਵਿਚ ਬਣਾਇਆ ਗਿਆ ਸੀ। ਸਮੇਂ ਦੇ ਬੀਤਣ ਨਾਲ ਇਸ ਵਿਚ ਹੁਣ ਵੱਡੀਆਂ ਸੋਧਾਂ ਕਰਨ ਦੀ ਜ਼ਰੂਰਤ ਜਾਪਦੀ ਹੈ। ਵਿਸ਼ੇਸ਼ ਤੌਰ 'ਤੇ ਵੱਖ-ਵੱਖ ਤਖ਼ਤਾਂ ਦੇ ਸਿੰਘ ਸਾਹਿਬਾਨ ਦੀ ਨਿਯੁਕਤੀ, ਸੇਵਾ ਤੇ ਸੇਵਾਮੁਕਤੀ ਸੰਬੰਧੀ ਕੋਈ ਪੁਖ਼ਤਾ ਵਿਧੀ ਵਿਧਾਨ ਬਣਾਇਆ ਜਾਣਾ ਜ਼ਰੂਰੀ ਹੈ। ਹਰ ਸਾਲ ਜਨਰਲ ਹਾਊਸ ਵਲੋਂ ਪ੍ਰਧਾਨ ਚੁਣੇ ਜਾਣ ਸੰਬੰਧੀ ਵੀ ਮੁੜ ਵਿਚਾਰ ਕੀਤੇ ਜਾਣ ਦੀ ਜ਼ਰੂਰਤ ਹੈ। ਵਿਧਾਨ ਅਨੁਸਾਰ ਸ਼੍ਰੋਮਣੀ ਕਮੇਟੀ ਦੀ ਚੋਣ 5 ਸਾਲ ਬਾਅਦ ਹੋਣੀ ਹੁੰਦੀ ਹੈ। ਇਸ ਲਈ ਚੁਣੇ ਗਏ ਪ੍ਰਧਾਨ ਦੀ ਦੁਬਾਰਾ ਚੋਣ ਦੇ ਸਮੇਂ ਬਾਰੇ ਵੀ ਵਿਚਾਰ ਕੀਤੇ ਜਾਣ ਦੀ ਜ਼ਰੂਰਤ ਹੈ। ਇਹ ਵੀ ਹੋ ਸਕਦਾ ਹੈ ਪੰਜ ਸਾਲ ਵਿਚੋਂ ਅੱਧੇ ਕਾਰਜਕਾਲ ਤੋਂ ਬਾਅਦ ਪ੍ਰਧਾਨ ਤੇ ਉਨ੍ਹਾਂ ਦੀ ਟੀਮ ਇਕ ਵਾਰ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਤੋਂ ਮੁੜ ਵਿਸ਼ਵਾਸ ਹਾਸਲ ਕਰ ਲਵੇ ਪਰ ਹਰ ਸਾਲ ਅਹੁਦੇਦਾਰਾਂ ਦੀ ਚੋਣ ਨਾ ਹੋਵੇ। ਇਸ ਇਸ ਸੰਬੰਧੀ ਕੁਝ ਧਾਰਮਿਕ ਸ਼ਖ਼ਸੀਅਤਾਂ ਅਤੇ ਬੁੱਧੀਜੀਵੀਆਂ ਦੀ ਇਕ ਕਮੇਟੀ ਬਣਾ ਕੇ ਸੁਧਾਰਾਂ ਲਈ ਹੋਰ ਵਧੇਰੇ ਵਿਚਾਰ ਕੀਤੀ ਜਾ ਸਕਦੀ ਹੈ, ਭਾਵ ਪੰਥਕ ਧਿਰਾਂ ਨਾਲ ਵਿਚਾਰ-ਵਟਾਂਦਰਾ ਕਰਕੇ ਇਕ ਸਾਂਝੀ ਰਾਇ ਬਣਾ ਕੇ ਗੁਰਦੁਆਰਾ ਐਕਟ ਵਿਚ ਸੋਧ ਕੀਤੀ ਜਾ ਸਕਦੀ ਹੈ। ਸ਼੍ਰੋਮਣੀ ਕਮੇਟੀ ਦਾ ਮੌਜੂਦਾ ਹਾਊਸ ਬਹੁਤ ਸਮਾਂ ਪਹਿਲਾਂ ਆਪਣਾ ਸਮਾਂ ਪੂਰਾ ਕਰ ਚੁੱਕਾ ਹੈ ਪਰ ਲਗਾਤਾਰ ਅਜਿਹੇ ਹਾਲਾਤ ਪੈਦਾ ਹੁੰਦੇ ਰਹੇ, ਜਿਨ੍ਹਾਂ ਵਿਚ ਕਮੇਟੀ ਦੀਆਂ ਚੋਣਾਂ ਨਹੀਂ ਕਰਵਾਈਆਂ ਜਾ ਸਕੀਆਂ। ਪਿਛਲੇ ਕਾਫੀ ਸਮੇਂ ਤੋਂ ਵੱਖ-ਵੱਖ ਧਿਰਾਂ ਵਲੋਂ ਇਹ ਮੰਗ ਉਠਾਈ ਜਾਂਦੀ ਰਹੀ ਹੈ। ਇਸ ਲਈ ਸਰਕਾਰੀ ਤੌਰ 'ਤੇ ਵੀ ਕੁਝ ਯਤਨ ਕੀਤੇ ਜਾਂਦੇ ਰਹੇ। ਗੁਰਦੁਆਰਾ ਕਮਿਸ਼ਨ ਨੂੰ ਨਵਿਆਉਣ ਤੋਂ ਬਾਅਦ ਵੋਟਾਂ ਬਣਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਗਈ ਸੀ ਪਰ ਹਾਲੇ ਤੱਕ ਵੀ ਇਹ ਸਾਰਾ ਕੰਮ ਅੱਧਾ-ਅਧੂਰਾ ਦਿਖਾਈ ਦਿੰਦਾ ਹੈ, ਜਿਸ ਨਾਲ ਭਾਈਚਾਰੇ ਵਿਚ ਵੱਡੀ ਪੱਧਰ 'ਤੇ ਨਿਰਾਸ਼ਾ ਪੈਦਾ ਹੋਈ ਹੈ।
ਇਹ ਗੱਲ ਪਿਛਲੇ ਲੰਮੇ ਸਮੇਂ ਤੋਂ ਮਹਿਸੂਸ ਕੀਤੀ ਜਾਂਦੀ ਰਹੀ ਹੈ ਕਿ ਇਸ ਧਾਰਮਿਕ ਸੰਸਥਾ ਵਿਚ ਸਿਆਸੀ ਦਖਲ ਬੇਹੱਦ ਵਧਦਾ ਗਿਆ ਹੈ, ਜਿਸ ਨਾਲ ਇਸ ਸੰਸਥਾ ਦੀ ਸਮੁੱਚੀ ਭਾਵਨਾ ਨੂੰ ਵੱਡੀ ਠੇਸ ਪੁੱਜਦੀ ਰਹੀ ਹੈ। ਇਹੀ ਕਾਰਨ ਹੈ ਕਿ ਇਹ ਲਗਾਤਾਰ ਵਿਵਾਦਾਂ ਵਿਚ ਵੀ ਘਿਰੀ ਰਹੀ ਹੈ। ਜਿਸ ਨਾਲ ਇਸ ਦੀ ਸਮੁੱਚੀ ਸਰਗਰਮੀ 'ਤੇ ਵੱਡਾ ਅਸਰ ਪਿਆ ਹੈ। ਬਿਨਾਂ ਸ਼ੱਕ ਅੱਜ ਦੀ ਕਮੇਟੀ ਵੇਲਾ ਵਿਹਾ ਚੁੱਕੀ ਹੈ। ਨਵੀਆਂ ਚੋਣਾਂ ਨਾਲ ਹੀ ਪੰਥ ਦਾ ਇਹ ਮੁੜ ਵਿਸ਼ਵਾਸ ਹਾਸਲ ਕਰ ਸਕਦੀ ਹੈ। ਇਸ ਲਈ ਕੇਂਦਰ ਸਰਕਾਰ 'ਤੇ ਵੱਡਾ ਦਬਾਅ ਪਾਉਣ ਦੀ ਜ਼ਰੂਰਤ ਹੋਵੇਗੀ। ਸ਼੍ਰੋਮਣੀ ਕਮੇਟੀ ਦੀਆਂ ਨਵੀਆਂ ਚੋਣਾਂ ਜਿੱਥੇ ਭਾਈਚਾਰੇ ਵਿਚ ਲੋਕਤੰਤਰੀ ਭਾਵਨਾਵਾਂ ਨੂੰ ਪਰਪੱਕ ਕਰਨਗੀਆਂ, ਉੱਥੇ ਇਸ ਵਿਚ ਨਵੀਂ ਰੂਹ ਫੂਕਣ ਵਿਚ ਵੀ ਸਹਾਈ ਹੋਣਗੀਆਂ। ਇਨ੍ਹਾਂ ਸਭ ਚੁਣੌਤੀਆਂ ਦੇ ਬਾਵਜੂਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਇਸ ਚੋਣ ਲਈ ਵਧਾਈ ਦਿੰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਉਹ ਸਮੁੱਚੇ ਪੰਥ ਦੀਆਂ ਭਾਵਨਾਵਾਂ ਅਨੁਸਾਰ ਇਸ ਇਸ ਸੰਸਥਾ ਨੂੰ ਚਲਾਉਣ ਵਿਚ ਜ਼ਰੂਰ ਸਹਾਈ ਹੋਣਗੇ।

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਆਪਣੇ ਵੋਟ ਅਧਿਕਾਰ ਦੀ ਖੁਦ ਰਾਖੀ ਕਰੋ ਅਗਲੀ ਖ਼ਬਰ ਆਪਣੇ ਮਨ ਨੂੰ ਸਦਾ ਹੀ ਨਿਮਰਤਾ ਵਿਚ ਰੱਖਣ ਵਾਲੇ ਮਨੁੱਖ ਵਿਚ ਮਿਠਾਸ ਦੇ ਗੁਣ ਅਤੇ ਚੰਗਿਆਈ ਦੇ ਤੱਤ ਆ ਜਾਂਦੇ ਹਨ। -ਗੁਰੂ...
Ad Position 24
No active advertisement