ਦੁਬਈ, 27 ਸਤੰਬਰ (ਇੰਟ)-ਭਾਰਤ ਤੇ ਪਾਕਿਸਤਾਨ 41 ਸਾਲਾਂ 'ਚ ਪਹਿਲੀ ਵਾਰ ਏਸ਼ੀਆ ਕੱਪ ਦੇ ਫਾਈਨਲ 'ਚ ਆਹਮੋ-ਸਾਹਮਣੇ ਹੋਣ ਲਈ ਤਿਆਰ ਹਨ | ਟੀਮ ਇੰਡੀਆ ਨੇ ਗਰੁੱਪ ਅਤੇ ਸੁਪਰ 4 ਪੜਾਵਾਂ 'ਚ ਪਾਕਿਸਤਾਨ ਨੂੰ ਇਕ ਪਾਸੜ ਢੰਗ ਨਾਲ ਹਰਾਇਆ ਹੈ | ਦੋਵੇਂ ਮੈਚ ਦੁਬਈ 'ਚ ਖੇਡੇ ਗਏ ਤੇ ਫਾਈਨਲ ਵੀ ਐਤਵਾਰ ਨੂੰ ਦੁਬਈ 'ਚ ਹੀ ਹੋਵੇਗਾ | ਟੀਮ ਇੰਡੀਆ ਇਸ ਸਮੇਂ ਪਾਕਿ ਤੋਂ ਕਾਫ਼ੀ ਅੱਗੇ ਦਿਖਾਈ ਦਿੰਦੀ ਹੈ | ਹਾਲਾਂਕਿ, ਪਾਕਿਸਤਾਨ ਵੀ ਉਤਸ਼ਾਹ ਅਤੇ ਆਤਮਵਿਸ਼ਵਾਸ ਨਾਲ ਭਰਪੂਰ ਹੈ | ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਭਾਰਤ ਤੋਂ 2 ਮੈਚ ਹਾਰਨ ਦੇ ਬਾਵਜੂਦ ਪਾਕਿਸਤਾਨ ਨੇ ਜ਼ੋਰਦਾਰ ਵਾਪਸੀ ਕੀਤੀ ਤੇ ਬੰਗਲਾਦੇਸ਼ ਤੇ ਸ਼੍ਰੀਲੰਕਾ ਨੂੰ ਹਰਾ ਕੇ ਫਾਈਨਲ 'ਚ ਜਗ੍ਹਾ ਪੱਕੀ ਕੀਤੀ | ਦੋਵੇਂ ਦੇਸ਼ 13ਵੀਂ ਵਾਰ ਕਿਸੇ ਟੂਰਨਾਮੈਂਟ ਜਾਂ ਤਿਕੋਣੀ ਲੜੀ ਦੇ ਫਾਈਨਲ 'ਚ ਇਕ ਦੂਜੇ ਦਾ ਸਾਹਮਣਾ ਕਰਨਗੇ | ਭਾਰਤ ਤੇ ਪਾਕਿਸਤਾਨ ਵਿਚਕਾਰ ਹੁਣ ਤੱਕ ਕੁੱਲ 11 ਇਕ ਰੋਜ਼ਾ ਫਾਈਨਲ ਖੇਡੇ ਗਏ ਹਨ | ਪਾਕਿਸਤਾਨ ਨੇ ਇਨ੍ਹਾਂ 'ਚੋਂ 8 ਫਾਈਨਲ ਜਿੱਤੇ ਹਨ, ਜਦੋਂ ਕਿ ਭਾਰਤ ਨੇ ਸਿਰਫ਼ 3 ਜਿੱਤੇ ਹਨ | ਭਾਰਤ ਅਤੇ ਪਾਕਿਸਤਾਨ ਵਿਚਕਾਰ ਪਹਿਲਾ ਇਕ ਰੋਜ਼ਾ ਫਾਈਨਲ 1985 'ਚ ਖੇਡਿਆ ਗਿਆ ਸੀ | ਇਹ ਵਿਸ਼ਵ ਕ੍ਰਿਕਟ ਚੈਂਪੀਅਨਸ਼ਿਪ ਦਾ ਟਾਈਟਲ ਮੈਚ ਸੀ, ਜਿਸ ਨੂੰ ਭਾਰਤ ਨੇ 8 ਵਿਕਟਾਂ ਨਾਲ ਜਿੱਤਿਆ ਸੀ | ਮੌਜੂਦਾ ਟੂਰਨਾਮੈਂਟ 'ਚ ਹੁਣ ਤੱਕ ਭਾਰਤ ਅਜੇਤੂ ਰਿਹਾ ਹੈ | ਲਗਾਤਾਰ 6 ਜਿੱਤਾਂ 'ਚੋਂ ਸਿਰਫ਼ ਸ੍ਰੀਲੰਕਾ ਨਾਲ ਹੀ ਸੁਪਰ ਓਵਰ ਖੇਡਿਆ ਹੈ |