ਮਿਲਾਨ (ਇਟਲੀ), 2 ਸਤੰਬਰ (ਹਰਦੀਪ ਸਿੰਘ ਕੰਗ)-ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਵਿਦੇਸ਼ਾਂ 'ਚ ਵੱਸਦੇ ਪੰਜਾਬੀਆਂ ਨੂੰ ਪੰਜਾਬ ਨਾਲ ਖੜਨ ਲਈ ਪ੍ਰੇਰਿਤ ਕਰਦਿਆਂ ਆਖਿਆ ਕਿ ਪੰਜਾਬ ਦੁੱਖ ਦੀ ਘੜੀ 'ਚ ਹੈ ਇਸ ਲਈ ਵਿਦੇਸ਼ਾਂ 'ਚ ਵੱਸਦੇ ਸਮੂਹ ਪੰਜਾਬੀ ਪੰਜਾਬ ਵਾਸੀਆਂ ਦੀ ਖੁੱਲੇ ਦਿਲ ਨਾਲ ਮਦਦ ਕਰਨ | ਦੱਸਣਯੋਗ ਹੈ ਕਿ ਰਾਣਾ ਗੁਰਜੀਤ ਸਿੰਘ ਇੰਨੀ ਦਿਨੀ ਇਕ ਪਰਿਵਾਰਿਕ ਸਮਾਗਮ 'ਚ ਸ਼ਮੂਲੀਅਤ ਕਰਨ ਲਈ ਇਟਲੀ ਦੀ ਵਪਾਰਕ ਰਾਜਧਾਨੀ ਮਿਲਾਨ ਆਏ ਹੋਏ ਹਨ ਜਿੱਥੇ ਉਨ੍ਹਾਂ ਹਰਕੀਤ ਸਿੰਘ ਮਾਧੋਝੰਡਾ ਦੇ ਸੱਦੇ 'ਤੇ ਆਪਣੇ ਨਜ਼ਦੀਕੀਆਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਦੇ ਲੋਕ ਹੜ੍ਹਾਂ ਦੀ ਮਾਰ ਝੱਲ ਰਹੇ ਹਨ ਇਸ ਲਈ ਸਾਨੂੰ ਆਪੋ ਆਪਣੇ ਤੌਰ 'ਤੇ ਜਿਮੀਦਾਰਾਂ ਭਰਵਾ ਦੀ ਬਾਂਹ ਫੜਨੀ ਚਾਹੀਦੀ ਹੈ ਜਿਨ੍ਹਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ | ਉਨਾ ਐਨ.ਆਰ.ਆਈਜ ਨੂੰ ਸੁਨੇਹਾ ਦਿੰਦਾ ਆਖਿਆ ਕਿ ਆਪੋ ਆਪਣੇ ਪਿੰਡਾਂ ਸ਼ਹਿਰਾਂ ਨੂੰ ਗੋਦ ਲਵੋ ਜਿਨ੍ਹਾਂ ਗਰੀਬ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਜਾਂ ਧੀਆਂ ਧਿਆਣੀਆਂ ਦੇ ਵਿਆਹਾਂ ਲਈ ਕੋਈ ਜ਼ਰੂਰਤ ਹੈ ਤਾ ਸਿੱਧੇ ਤÏਰ 'ਤੇ ਉਸਦਾ ਹੱਲ ਕਰੋ ਉਨਾ ਗੱਲਬਾਤ ਕਰਦਿਆਂ ਆਖਿਆ ਕਿ ਰਾਣਾ ਪਰਿਵਾਰ ਨੇ ਹਮੇਸ਼ਾ ਪੰਜਾਬ ਤੇ ਪੰਜਾਬੀਅਤ ਦੀ ਗੱਲ ਕੀਤੀ ਹੈ ਹੁਣ ਵੀ ਉਨਾਂ ਦਾ ਪੁੱਤਰ ਰਾਣਾ ਇੰਦਰਪ੍ਰਤਾਪ ਸਿੰਘ ਸੁਲਤਾਨਪੁਰ ਲੋਧੀ ਦੇ ਹੜ ਪ੍ਰਭਾਵਿਤ ਇਲਾਕਿਆਂ 'ਚ ਲੋਕਾਂ ਨਾਲ ਮੋਢੇ ਨਾਲ ਮੋਢਾ ਲਾਕੇ ਸੇਵਾ ਕਰ ਰਿਹਾ ਹੈ | ਇਸ ਮੌਕੇ ਹਰਕੀਤ ਸਿੰਘ ਮਾਧੋਝਡਾ, ਬੱਲੀ ਸੰਧਰ , ਕਬੱਡੀ ਖਿਡਾਰੀ ਜੱਗਾ ਖਾਨੋਵਾਲੀਆ, ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੁਖਚੈਨ ਸਿੰਘ ਮਾਨ, ਹਰਜੀਤ ਸਿੰਘ ਵਿਰਕ, ਦਿਲਬਾਗ ਚਾਨਾ (ਪ੍ਰਧਾਨ ਇਟਲੀ ਇਕਾਈ) ਹਰਪ੍ਰੀਤ ਸਿੰਘ ਜੀਰਾ ਵੀ ਮੌਜੂਦ ਸਨ |