ਯਮੁਨਾਨਗਰ, 31 ਮਈ (ਗੁਰਦਿਆਲ ਸਿੰਘ ਨਿਮਰ)-ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਵਲੋਂ ਭਾਜਪਾ ਜ਼ਿਲ੍ਹਾ ਦਫ਼ਤਰ ਯਮੁਨਾ ਕਮਲ ਵਿਖੇ ਪਹੁੰਚ ਕੇ ਭਾਜਪਾ ਦੇ ਅਹੁਦੇਦਾਰਾਂ, ਵਰਕਰਾਂ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ | ਭਾਜਪਾ ਜ਼ਿਲ੍ਹਾ ਦਫ਼ਤਰ ਯਮੁਨਾ ਕਮਲ ਵਿਖੇ ਪਹੁੰਚਣ 'ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਸਪਰਾ, ਜ਼ਿਲ੍ਹਾ ਜਨਰਲ ਸਕੱਤਰ ਸੁਰਿੰਦਰ ਬਨਕਟ, ਜ਼ਿਲ੍ਹਾ ਮੀਡੀਆ ਇੰਚਾਰਜ ਕਪਿਲ ਮਨੀਸ਼ ਗਰਗ ਅਤੇ ਸਾਬਕਾ ਮੰਡਲ ਪ੍ਰਧਾਨ ਕਲਿਆਣ ਸਿੰਘ ਵਲੋਂ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਛਛਰੌਲੀ ਅਨਾਜ ਮੰਡੀ ਦੇ ਕਮਿਸ਼ਨ ਏਜੰਟ ਕਪਿਲ ਮਨੀਸ਼ ਗਰਗ, ਗੌਰਵ ਗੋਇਲ, ਕਲਿਆਣ ਸਿੰਘ, ਵਿਸ਼ਾਲ ਗੋਇਲ ਤੇ ਰਣਬੀਰ ਸਿੰਘ ਨੇ ਉਨ੍ਹਾਂ ਨੂੰ ਅਨਾਜ ਮੰਡੀ ਵਿਖੇ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ | ਉਨ੍ਹਾਂ ਖੇਤੀਬਾੜੀ ਮੰਤਰੀ ਤੋਂ ਛਛਰੌਲੀ ਅਨਾਜ ਮੰਡੀ ਵਿਚ ਕਿਸਾਨਾਂ ਦੀ ਸਹੂਲਤ ਲਈ ਸ਼ੈੱਡ, ਕੰਕਰੀਟ ਪਲੇਟਫਾਰਮ, ਦੁਕਾਨਾਂ ਦੇ ਪਿੱਛੇ ਸੜਕ ਤੇ ਵਾਧੂ ਪਖਾਨੇ ਆਦਿ ਬਣਾਉਣ ਦੀ ਮੰਗ ਕੀਤੀ | ਇਸ ਤੋਂ ਇਲਾਵਾ ਹੋਰਨਾਂ ਲੋਕਾਂ ਨੇ ਪਾਵਰ ਹਾਊਸ ਦੇ ਨੇੜੇ ਸੜਕ ਬਣਾਉਣ ਦੀ ਮੰਗ ਕੀਤੀ, ਜਦਕਿ ਕੁਝ ਕੁ ਪਤਵੰਤਿਆਂ ਨੇ ਬਿਜਲੀ ਵਿਭਾਗ, ਨਗਰ ਨਿਗਮ ਅਤੇ ਹੋਰਨਾਂ ਵਿਭਾਗਾਂ ਨਾਲ ਸੰਬੰਧਤ ਸਮੱਸਿਆਵਾਂ ਖੇਤੀਬਾੜੀ ਮੰਤਰੀ ਦੇ ਸਾਹਮਣੇ ਰੱਖੀਆਂ | ਇਸ ਮੌਕੇ ਖੇਤੀਬਾੜੀ ਮੰਤਰੀ ਨੇ ਜ਼ਿਆਦਾਤਰ ਸਮੱਸਿਆਵਾਂ ਨੂੰ ਮੌਕੇ 'ਤੇ ਹੀ ਹੱਲ ਕਰਵਾ ਦਿੱਤਾ | ਇਸ ਮੌਕੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਉਨ੍ਹਾਂ ਦੇ ਇਸ ਦੌਰੇ ਦਾ ਮੁੱਖ ਉਦੇਸ਼ ਭਾਜਪਾ, ਜਨਤਾ ਅਤੇ ਪ੍ਰਸ਼ਾਸਨ ਵਿਚਕਾਰ ਸਿੱਧਾ ਸੰਪਰਕ ਬਹਾਲ ਕਰਨਾ ਸੀ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਸਮੇਂ ਸਿਰ ਪਾਰਦਰਸ਼ੀ ਢੰਗ ਨਾਲ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਅਗਵਾਈ ਹੇਠ ਚਲਾਈ ਜਾ ਰਹੀ ਇਸ ਪਹਿਲਕਦਮੀ ਨੂੰ ਜਨਤਾ ਵਲੋਂ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ | ਅੰਤ 'ਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਸਪਰਾ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਬਦਲੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਭਾਜਪਾ ਦੇ ਮੰਡਲ ਪ੍ਰਧਾਨ ਗੌਰਵ ਗੋਇਲ, ਮੰਡਲ ਪ੍ਰਧਾਨ ਪਿ੍ਆਂਕ ਸ਼ਰਮਾ, ਅਮਰਜੀਤ ਸਿੰਘ ਲਾਡੀ, ਜ਼ਿਲ੍ਹਾ ਆਈ. ਟੀ. ਮੁਖੀ ਸ਼ੁਭਮ ਦੱਤਾ, ਵਿਸ਼ਾਲ ਤੇ ਅਨੁਜ ਸਮੇਤ ਹੋਰ ਭਾਜਪਾ ਆਗੂ ਤੇ ਵਰਕਰ ਵੀ ਹਾਜ਼ਰ ਸਨ |