ਨਰਾਇਣਗੜ੍ਹ, 31 ਮਈ (ਪੀ ਸਿੰਘ)-ਹਰਿਆਣਾ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਮੈਂਬਰ ਅਨਿਲ ਲਾਠਰ ਅਤੇ ਸ਼ਿਆਮ ਸ਼ੁਕਲਾ ਵਲੋਂ ਅੱਜ ਨਾਰਾਇਣਗੜ੍ਹ ਸਥਿਤ ਰਾਧਾ ਕਿ੍ਸ਼ਨ ਬੁਆਏਜ਼ ਹੋਮ ਅਤੇ ਵਾਤਸਲਿਆ ਕਿਸ਼ੋਰੀ ਕੁੰਜ ਗਰਲਜ਼ ਹੋਮ ਦਾ ਦੌਰਾ ਕਰਕੇ ਨਿਰੀਖਣ ਕੀਤਾ ਗਿਆ | ਇਸ ਨਿਰੀਖਣ ਦਾ ਉਦੇਸ਼ ਸੰਸਥਾਵਾਂ 'ਚ ਰਹਿ ਰਹੇ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ, ਸੁਰੱਖਿਆ, ਸਿਹਤ, ਸਿੱਖਿਆ ਅਤੇ ਦੇਖਭਾਲ ਪ੍ਰਬੰਧਾਂ ਦੀ ਸਮੀਖਿਆ ਕਰਨਾ ਸੀ | ਨਿਰੀਖਣ ਦੌਰਾਨ ਕਮਿਸ਼ਨ ਦੇ ਮੈਂਬਰਾਂ ਨੇ ਬੱਚਿਆਂ ਦੇ ਦਸਤਾਵੇਜ਼ਾਂ/ਫਾਈਲਾਂ, ਮੈਡੀਕਲ ਰਿਕਾਰਡ, ਦਵਾਈਆਂ ਦੀ ਉਪਲੱਬਧਤਾ, ਰਹਿਣ-ਸਹਿਣ ਦੇ ਪ੍ਰਬੰਧ, ਭੋਜਨ ਅਤੇ ਵਿਦਿਅਕ ਗਤੀਵਿਧੀਆਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ | ਕਮਿਸ਼ਨ ਮੈਂਬਰਾਂ ਨੇ ਬੱਚਿਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਜ਼ਰੂਰਤਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ | ਇਸ ਨਿਰੀਖਣ ਟੀਮ 'ਚ ਬਾਲ ਭਲਾਈ ਕਮੇਟੀ (ਸੀ. ਡਬਲਿਊ. ਸੀ.) ਅੰਬਾਲਾ ਦੀ ਚੇਅਰਪਰਸਨ ਰੰਜੀਤਾ ਸਚਦੇਵਾ, ਸੀ. ਡਬਲਿਊ. ਸੀ. ਮੈਂਬਰ ਖੁਸ਼ਪਾਲ, ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ (ਡੀ. ਸੀ. ਪੀ. ਓ.) ਅੰਬਾਲਾ ਮਮਤਾ ਰਾਣੀ, ਮਹਿਲਾ ਪੁਲਿਸ ਸਟੇਸ਼ਨ ਨਾਰਾਇਣਗੜ੍ਹ ਦੀ ਐਸ. ਐਚ. ਓ. ਸੰਤੋਸ਼ ਅਤੇ ਹੋਰ ਸੰਬੰਧਤ ਅਧਿਕਾਰੀ ਵੀ ਸ਼ਾਮਿਲ ਸਨ | ਨਿਰੀਖਣ ਤੋਂ ਬਾਅਦ ਕਮਿਸ਼ਨ ਦੇ ਮੈਂਬਰਾਂ ਨੇ ਰਿਪੋਰਟ ਦਿੱਤੀ ਕਿ ਸੰਬੰਧਤ ਸੀ. ਸੀ. ਆਈ. (ਚਾਈਲਡ ਕੇਅਰ ਇੰਸਟੀਚਿਊਸ਼ਨ) 'ਚ ਸਾਰੇ ਜ਼ਰੂਰੀ ਪ੍ਰਬੰਧ, ਰਿਕਾਰਡ ਅਤੇ ਸੇਵਾਵਾਂ ਤਸੱਲੀਬਖਸ਼ ਢੰਗ ਨਾਲ ਕੰਮ ਕਰ ਰਹੀਆਂ ਪਾਈਆਂ ਗਈਆਂ ਹਨ | ਉਨ੍ਹਾਂ ਸੰਸਥਾ ਵਲੋਂ ਬੱਚਿਆਂ ਦੇ ਹਿੱਤ 'ਚ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਗਈ | ਇਸ ਤੋਂ ਬਾਅਦ ਕਮਿਸ਼ਨ ਦੀ ਟੀਮ ਨੇ ਮਹਿਲਾ ਪੁਲਿਸ ਸਟੇਸ਼ਨ ਨਾਰਾਇਣਗੜ੍ਹ ਦਾ ਵੀ ਦੌਰਾ ਕੀਤਾ, ਜਿਥੇ ਬਾਲ ਅਨੁਕੂਲ ਕਮਰੇ, ਸਪੈਸ਼ਲ ਜੁਵੇਨਾਈਲ ਪੁਲਿਸ ਯੂਨਿਟ ਦੀ ਸਥਿਤੀ ਅਤੇ ਬੱਚਿਆਂ ਨਾਲ ਸੰਬੰਧਤ ਹੋਰਨਾਂ ਪ੍ਰਬੰਧਾਂ ਦਾ ਨਿਰੀਖਣ ਕੀਤਾ ਗਿਆ | ਕਮਿਸ਼ਨ ਨੇ ਸੰਬੰਧਤ ਅਧਿਕਾਰੀਆਂ ਨੂੰ ਬਾਲ ਸੁਰੱਖਿਆ ਕਾਨੂੰਨਾਂ ਦੇ ਅਨੁਸਾਰ ਜ਼ਰੂਰੀ ਸੁਧਾਰਾਂ ਅਤੇ ਬਿਹਤਰ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਦਿੱਤੇ |