ਨਵੀਂ ਦਿੱਲੀ,3 ਸਤੰਬਰ (ਜਗਤਾਰ ਸਿੰਘ)- ਦਿੱਲੀ ਦੇ ਮੋਤੀ ਨਗਰ ਵਿਖੇ ਹੋਏ ਇੱਕ ਪ੍ਰਭਾਵਸ਼ਾਲੀ ਪੰਥਕ ਇਕੱਠ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਨੂੰ ਪਾਰਟੀ ਦਾ ਕੌਮੀ ਜਨਰਲ ਸਕੱਤਰ ਅਤੇ ਬੁਲਾਰਾ ਬਣਾਏ ਜਾਣ ਦਾ ਐਲਾਨ ਕੀਤਾ ¢ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੁੰਦੜ ਤੇ ਦਿੱਲੀ ਪ੍ਰਦੇਸ਼ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਮੌਜੂਦਗੀ 'ਚ ਪੰਥਕ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਸਾਰਿਆਂ ਨੂੰ ਇਕਜੁੱਟ ਹੋ ਕੇ ਪਾਰਟੀ ਨੂੰ ਮਜ਼ਬੂਤ ਕਰਨ ਤੇ ਹੜ੍ਹਾਂ ਦੇ ਕਹਿਰ ਦੌਰਾਨ ਪੰਜਾਬ ਵਾਸੀਆਂ ਦੀ ਹਰ ਸੰਭਵ ਮਦਦ ਦਾ ਸੱਦਾ ਦਿੱਤਾ | ਬੇਅਦਬੀ ਮਾਮਲਿਆਂ ਦਾ ਜ਼ਿਕਰ ਕਰਦਿਆਂ ਸ.ਬਾਦਲ ਨੇ ਕਿਹਾ ਕਿ ਜਦੋਂ ਅਸੀਂ ਸਾਰੇ ਅਕਾਲੀ ਆਗੂ ਤੇ ਵਰਕਰ ਰੋਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੂਹਰੇ ਨਤਮਸਤਕ ਹੁੰਦੇ ਹਾਂ ਤਾਂ ਫਿਰ ਅਸੀਂ ਪਵਿੱਤਰ ਸਰੂਪਾਂ ਦੀ ਬੇਅਦਬੀ ਕਿਵੇਂ ਕਰ ਸਕਦੇ ਹਾਂ? ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲਿਆਂ ਨੂੰ ਲੈ ਕੇ ਯੋਜਨਾਬੱਧ ਤਰੀਕੇ ਨਾਲ ਅਕਾਲੀ ਦਲ 'ਤੇ ਝੂਠੇ ਇਲਜ਼ਾਮ ਲਗਾਏ ਗਏ ਤੇ ਭੋਲੇ ਭਾਲੇ ਸਿੱਖ ਵੀ ਏਜੰਸੀਆਂ ਦੁਆਰਾ ਫੈਲਾਏ ਗਏ ਇਸ ਕੂੜ ਪ੍ਰਚਾਰ ਦੇ ਝਾਂਸੇ 'ਚ ਆ ਗਏ | ਉਨ੍ਹਾਂ ਕਿਹਾ ਕਿ ਏਜੰਸੀਆਂ ਦੀ ਸਾਜਿਸ਼ ਅਕਾਲੀ ਦਲ ਨੂੰ ਕਮਜ਼ੋਰ ਕਰਕੇ ਇਸ 'ਤੇ ਕਬਜ਼ਾ ਕਰਨ ਦੀ ਹੈ | ਇਸ ਮੌਕੇ ਪਾਰਟੀ ਵਿਚ ਸ਼ਾਮਲ ਹੋਏ ਗੁਰਮੀਤ ਸਿੰਘ ਸ਼ੰਟੀ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪਣ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਆਉਣ ਨਾਲ ਪਾਰਟੀ ਨੂੰ ਦਿੱਲੀ ਵਿਚ ਮਜ਼ਬੂਤੀ ਮਿਲੀ ਹੈ ¢ ਉਨ੍ਹਾਂ ਕਿਹਾ ਹੁਣ ਸਾਰਿਆਂ ਨੇ ਰਲ ਕੇ ਦਿੱਲੀ ਵਿਚ ਪਾਰਟੀ ਨੂੰ ਹੋਰ ਮਜ਼ਬੂਤ ਕਰਨਾ ਹੈ ਤਾਂਕਿ ਗੁਰਧਾਮਾਂ ਨੂੰ ਸਰਕਾਰੀ ਕਬਜ਼ੇ ਤੋਂ ਮੁਕਤ ਕਰਾਇਆ ਜਾ ਸਕੇ | ਪਾਰਟੀ ਵਿਚ ਵੱਡੀ ਜ਼ਿੰਮੇਵਾਰੀ ਮਿਲਣ 'ਤੇ ਸਾਰਿਆਂ ਦਾ ਧੰਨਵਾਦ ਕਰਦਿਆਂ ਗੁਰਮੀਤ ਸਿੰਘ ਸ਼ੰਟੀ ਨੇ ਕਿਹਾ ਕਿ ਪਿਛੋਕੜ 'ਚ ਜਿੰਨ੍ਹਾ ਨੇ ਪਾਰਟੀ ਨੂੰ ਧੋਖਾ ਦੇ ਕੇ ਕੌਮ ਨਾਲ ਗ਼ੱਦਾਰੀ ਕੀਤੀ ਹੈ, ਅਗਲੀਆਂ ਗੁਰਦੁਆਰਾ ਚੋਣਾਂ ਵਿਚ ਸੰਗਤਾਂ ਵੱਲੋਂ ਉਨ੍ਹਾਂ ਨੂੰ ਕਰਾਰਾ ਸਬਕ ਸਿਖਾਇਆ ਜਾਵੇਗਾ | ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਜਿਹੜੇ ਆਗੂ ਕੁੱਝ ਸਮਾਂ ਪਹਿਲਾਂ ਤੱਕ ਕਿਸਾਨਾਂ ਤੇ ਸਿੱਖਾਂ ਦੇ ਹੱਕ ਵਿਚ ਬੜੇ ਨਾਅਰੇ ਮਾਰਦੇ ਸੀ ਹੁਣ ਭਾਜਪਾ ਵਿਚ ਜਾ ਕੇ ਉਨ੍ਹਾਂ ਨੂੰ ਕਿਸਾਨ ਵੀ ਭੁੱਲ ਗਏ ਤੇ ਸਿੱਖ ਵੀ ਭੁੱਲ ਗਏ | ਇਸ ਤੋਂ ਪਹਿਲਾਂ ਪਰਮਜੀਤ ਸਿੰਘ ਸਰਨਾ ਨੇ ਮੌਜੂਦਾ ਦਿੱਲੀ ਕਮੇਟੀ ਪ੍ਰਬੰਧਕਾਂ 'ਤੇ ਵਰਦਿਆ ਕਿਹਾ ਕਿ ਜੇਕਰ ਪੰਥ ਤੇ ਸਿੱਖੀ ਦੀ ਗੱਲ ਨਹੀਂ ਕਰਨੀ ਤਾਂ ਫਿਰ ਘਰ ਬੈਠ ਜਾਓ | ਉਨ੍ਹਾਂ ਕਿਹਾ ਕਿ ਇਸ ਵਾਰੀ ਗੁਰਦੁਆਰਾ ਚੋਣਾਂ ਲਈ ਉਮੀਦਵਾਰਾਂ ਨੂੰ ਕਸਵੱਟੀ 'ਤੇ ਪਰਖ ਕੇ ਹੀ ਟਿਕਟਾਂ ਦਿੱਤੀਆਂ ਜਾਣਗੀਆਂ ਤੇ ਲੋਕਾਂ ਨੂੰ ਦੂਰ ਰੱਖਿਆ ਜਾਵੇਗਾ ਜੋ ਕਿਸੇ ਸਕੂਲ ਦੀ ਚੇਅਰਮੈਨੀ ਪਿੱਛੇ ਕੌਮ ਨਾਲ ਗ਼ੱਦਾਰੀ ਕਰ ਜਾਂਦੇ ਹਨ | ਇਸ ਮੌਕੇ ਸਰਨਾ ਨੇ ਆਪਣੇ ਕਾਰਜਕਾਲ ਦੌਰਾਨ 1 ਪੈਸੇ ਦਾ ਭਿ੍ਸ਼ਟਾਚਾਰ ਕੱਢਣ ਦੀ ਚੁਨੌਤੀ ਮੌਜੂਦਾ ਪ੍ਰਬੰਧਕਾਂ ਨੂੰ ਦਿੱਤੀ | ਸਮਾਗਮ ਦੌਰਾਨ ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਖੁਰਾਨਾ ਤੇ ਪਰਮਜੀਤ ਸਿੰਘ ਸਲੂਜਾ ਵੀ ਪਾਰਟੀ ਵਿਚ ਸ਼ਾਮਲ ਕੀਤਾ ਗਿਆ | ਸਮਾਗਮ ਵਿਚ ਜਤਿੰਦਰ ਸਿੰਘ ਸਾਹਨੀ, ਕਰਤਾਰ ਸਿੰਘ ਵਿੱਕੀ ਚਾਵਲਾ, ਮਨਜੀਤ ਸਿੰਘ ਸਰਨਾ, ਤਜਿੰਦਰ ਸਿੰਘ ਗੋਪਾ, ਜਤਿੰਦਰ ਸਿੰਘ ਸੋਨੂੰ, ਮਹਿੰਦਰ ਸਿੰਘ ਤੇ ਹੋਰਨਾ ਸ਼ਖ਼ਸੀਅਤਾਂ ਵੀ ਮੌਜੂਦ ਸਨ ¢