ਸਿਰਸਾ, 22 ਸਤੰਬਰ (ਭੁਪਿੰਦਰ ਪੰਨੀਵਾਲੀਆ)- ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ, ਸਾਬਕਾ ਕੇਂਦਰੀ ਮੰਤਰੀ ਤੇ ਸਿਰਸਾ ਦੀ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਹਰਿਆਣਾ ਵਿੱਚ ਡੀ.ਏ.ਪੀ. ਖਾਦ ਦੀ ਭਾਰੀ ਘਾਟ ਨੂੰ ਲੈ ਕੇ ਭਾਜਪਾ ਸਰਕਾਰ 'ਤੇ ਗੰਭੀਰ ਦੋਸ਼ ਲਗਾਏ ਹਨ | ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੀ ਨੀਤੀਗਤ ਲਾਪਰਵਾਹੀ ਕਾਰਨ ਸੂਬੇ ਦੇ ਕਿਸਾਨ ਦੋਹਰੀ ਮਾਰ ਦਾ ਸਾਹਮਣਾ ਕਰ ਰਹੇ ਹਨ | ਮੀਡੀਆ ਨੂੰ ਜਾਰੀ ਇੱਕ ਬਿਆਨ ਵਿੱਚ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਚੀਨ ਵੱਲੋਂ ਵਿਸ਼ੇਸ਼ ਖਾਦਾਂ ਦੀ ਸਪਲਾਈ ਰੋਕਣ ਨਾਲ ਦੇਸ਼ ਵਿੱਚ ਖਾਦ ਦੀ ਭਾਰੀ ਘਾਟ ਹੋਵੇਗੀ ਪਰ ਭਾਜਪਾ ਸਰਕਾਰ ਨੇ ਸਮੇਂ ਸਿਰ ਇਸ ਸੰਕਟ ਨੂੰ ਹੱਲ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕੇ | ਸੰਸਦ ਮੈਂਬਰ ਨੇ ਕਿਹਾ ਕਿ ਅੱਜ ਵੀ ਇਹੀ ਸਥਿਤੀ ਸੱਚ ਸਾਬਤ ਹੋ ਰਹੀ ਹੈ | ਸਿਰਸਾ, ਫਤਿਹਾਬਾਦ, ਅੰਬਾਲਾ ਤੇ ਯਮੁਨਾਨਗਰ ਸਮੇਤ ਹਰਿਆਣਾ ਦੇ ਕਈ ਜ਼ਿਲਿ੍ਹਆਂ ਵਿੱਚ ਡੀ.ਏ.ਪੀ. ਖਾਦ ਦਾ ਸਟਾਕ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ | ਕਿਸਾਨ ਖਾਦ ਦੀ ਭਾਲ ਵਿੱਚ ਬਾਜ਼ਾਰਾਂ ਤੇ ਮੰਡੀਆਂ ਵਿੱਚ ਭਟਕ ਰਹੇ ਹਨ ਪਰ ਖਾਲੀ ਹੱਥ ਵਾਪਸ ਪਰਤ ਰਹੇ ਹਨ | ਸੰਸਦ ਮੈਂਬਰ ਨੇ ਕਿਹਾ ਕਿ ਪਹਿਲਾਂ ਹੜ੍ਹਾਂ ਨੇ ਫਸਲਾਂ ਤਬਾਹ ਕਰ ਦਿੱਤੀਆਂ ਅਤੇ ਹੁਣ ਖਾਦ ਦੀ ਘਾਟ ਕਾਰਨ ਕਿਸਾਨ ਫਸਲਾਂ ਬੀਜਣ ਤੋਂ ਅਸਮਰੱਥ ਹਨ | ਕਿਸਾਨਾਂ ਨੂੰ ਆਤਮਨਿਰਭਰ ਬਣਾਉਣ ਦੀ ਬਜਾਏ ਭਾਜਪਾ ਸਰਕਾਰ ਨੇ ਉਨ੍ਹਾਂ ਨੂੰ ਬਾਜ਼ਾਰ ਦੀਆਂ ਅਸਥਿਰਤਾਵਾਂ ਦਾ ਸਾਹਮਣਾ ਕਰਨ ਲਈ ਛੱਡ ਦਿੱਤਾ ਹੈ | ਕਿਸਾਨ ਕਦੋਂ ਤੱਕ ਭਾਜਪਾ ਸਰਕਾਰ ਦੇ ਕੁਪ੍ਰਬੰਧਾਂ ਦਾ ਸਾਹਮਣਾ ਕਰਦੇ ਰਹਿਣਗੇ? ਕੁਮਾਰੀ ਸ਼ੈਲਜਾ ਨੇ ਮੰਗ ਕੀਤੀ ਕਿ ਸਰਕਾਰ ਖਾਦਾਂ ਦੀ ਤੁਰੰਤ ਸਪਲਾਈ ਯਕੀਨੀ ਬਣਾਏ |