ਮਹਿਮਾ ਸਰਜਾ, 19 ਅਕਤੂਬਰ (ਬਲਦੇਵ ਸੰਧੂ)- ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਪਿੰਡ ਬੁਰਜ ਮਹਿਮਾ ਵਿਖੇ ਅਨਾਜ ਮੰਡੀ ਮਨਜ਼ੂਰ ਹੋਈ ਨੂੰ ਚਾਰ ਸਾਲ ਬੀਤ ਚੁੱਕੇ ਹਨ ਪਰ ਅੱਜ ਤੱਕ ਮੰਡੀ ਪੱਕੀ ਨਾ ਹੋਣ ਕਾਰਨ ਕਿਸਾਨ ਕੱਚੀ ਮੰਡੀ ਦੀ ਧੂੜ ਤੇ ਬਾਰਿਸ਼ ਦੇ ਪਾਣੀ ਨਾਲ ਜੂਝਣ ਲਈ ਮਜਬੂਰ ਹਨ | ਖੇਤੀਬਾੜੀ ਮੰਤਰੀ ਦੇ ਅਸੰਬਲੀ ਹਲਕੇ ਵਿਚ ਹੋਣ ਦੇ ਬਾਵਜੂਦ, ਕਿਸਾਨਾਂ ਨੂੰ ਸੁਵਿਧਾਵਾਂ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ | ਅਨਾਜ ਮੰਡੀ ਵਿਚ ਝੋਨੇ ਦੀਆਂ ਢੇਰੀਆਂ ਕੋਲ ਬੈਠੇ ਕਿਸਾਨ ਗੁਰਲਾਲ ਸਿੰਘ, ਕੁਲਦੀਪ ਸਿੰਘ ਤੇ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਕੱਚੀ ਮੰਡੀ ਹੋਣ ਕਰਕੇ ਝੋਨੇ 'ਤੇ ਧੂੜ ਜਮ ਜਾਂਦੀ ਹੈ, ਜਿਸ ਨਾਲ ਜਿਣਸ ਦੀ ਗੁਣਵੱਤਾ ਘਟ ਜਾਂਦੀ ਹੈ | ਬਾਰਿਸ਼ ਦੇ ਦੌਰਾਨ ਦਾਣੇ ਕਾਲੇ ਪੈ ਜਾਂਦੇ ਹਨ | ਜਿਸ ਕਾਰਨ ਉਨ੍ਹਾਂ ਨੂੰ ਕਈ ਦਿਨ ਖੁੱਲ੍ਹੇ ਅਸਮਾਨ ਥੱਲੇ ਹੀ ਗੁਜ਼ਾਰਨੇ ਪੈਂਦੇ ਹਨ | ਕਿਸਾਨਾਂ ਨੇ ਦੱਸਿਆ ਕਿ ਮੰਡੀ ਮਨਜ਼ੂਰ ਕਰਨ ਵੇਲੇ ਪ੍ਰਸ਼ਾਸਨ ਨੇ ਤੀਜੇ ਸੀਜ਼ਨ ਤੋਂ ਪਹਿਲਾਂ ਮੰਡੀ ਪੱਕੀ ਕਰਨ ਦਾ ਭਰੋਸਾ ਦਿੱਤਾ ਸੀ, ਪਰ ਹੁਣ ਅੱਠਵਾਂ ਸੀਜ਼ਨ ਚੱਲ ਰਿਹਾ ਹੈ ਤੇ ਮੰਡੀ ਵਿਚ ਇਕ ਇੱਟ ਵੀ ਨਹੀਂ ਲੱਗੀ | ਉਨ੍ਹਾਂ ਕਿਹਾ ਕਿ ਮੰਡੀ ਬੋਰਡ ਵਲੋਂ ਕਿਸਾਨਾਂ ਨੂੰ ਮਿਲਣ ਵਾਲੀਆਂ ਬੁਨਿਆਦੀ ਸਹੂਲਤਾਂ ਜਿਵੇਂ ਪੱਕਾ ਫ਼ਰਸ਼, ਨਿਕਾਸੀ ਪ੍ਰਬੰਧ, ਪੱਕਾ ਰਸਤਾ ਤੇ ਛਾਂ ਦੀ ਘਾਟ ਕਾਰਨ ਫ਼ਸਲ ਦੀ ਸੰਭਾਲ ਬਹੁਤ ਮੁਸ਼ਕਲ ਹੋ ਜਾਂਦੀ ਹੈ | ਆੜ੍ਹਤੀਆ ਮਨੀਸ਼ ਕੁਮਾਰ ਗਿੱਦੜਬਾਹਾ ਨੇ ਕਿਹਾ ਕਿ ਭਾਵੇਂ ਕਮਿਸ਼ਨ ਏਜੰਟਾਂ ਵੱਲੋਂ ਤਰਪਾਲਾਂ ਆਦਿ ਦੇ ਪ੍ਰਬੰਧ ਕੀਤੇ ਜਾਂਦੇ ਹਨ, ਪਰ ਕੱਚੀ ਮੰਡੀ ਹੋਣ ਕਰਕੇ ਬਾਰਿਸ਼ ਦਾ ਪਾਣੀ ਜਿਣਸ ਵਿਚ ਵੜ ਜਾਂਦਾ ਹੈ, ਜਿਸ ਨਾਲ ਭਾਰੀ ਨੁਕਸਾਨ ਹੁੰਦਾ ਹੈ | ਕਿਸਾਨਾਂ ਨੇ ਮੰਡੀ ਬੋਰਡ ਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬੁਰਜ ਮਹਿਮਾ ਦੀ ਮੰਡੀ ਨੂੰ ਜਲਦੀ ਪੱਕਾ ਕੀਤਾ ਜਾਵੇ ਤਾਂ ਜੋ ਕਿਸਾਨਾਂ ਦੀ ਮਿਹਨਤ ਨਾਲ ਉਗਾਈ ਫ਼ਸਲ ਬਚਾਈ ਜਾ ਸਕੇ ਤੇ ਪੂਰਾ ਰੇਟ ਮਿਲੇ | ਉਧਰ ਜ਼ਿਲ੍ਹਾ ਮੰਡੀ ਅਫ਼ਸਰ ਗੌਰਵ ਗਰਗ ਨੇ ਸੰਪਰਕ ਕਰਨ ਤੇ ਦੱਸਿਆ ਕਿ ਬਠਿੰਡਾ ਵਿਭਾਗ ਕੋਲ ਫ਼ੰਡ ਨਹੀਂ ਹਨ ਤੇ ਮੰਡੀ ਬੋਰਡ ਨੂੰ ਫ਼ੰਡ ਲਈ ਕੇਸ ਭੇਜਿਆ ਹੋਇਆ ਹੈ |