ਯਮੁਨਾਨਗਰ, 27 ਦਸੰਬਰ (ਗੁਰਦਿਆਲ ਸਿੰਘ ਨਿਮਰ)-ਡਿਪਟੀ ਕਮਿਸ਼ਨਰ ਪ੍ਰੀਤੀ ਅਤੇ ਐਸ. ਪੀ. ਕਮਲਦੀਪ ਗੋਇਲ ਨੇ ਹੋਰਨਾਂ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਸਮੇਤ ਸਢੌਰਾ ਬਲਾਕ ਦੇ ਪਿੰਡ ਰਸੂਲਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਲਗਾਏ ਗਏ ਜਨਤਕ ਦਰਬਾਰ ਅਤੇ ਸਮਾਧਾਨ ਕੈਂਪ ਦੌਰਾਨ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ | ਇਸ ਤੋਂ ਬਾਅਦ ਡੀ. ਸੀ. ਪ੍ਰੀਤੀ ਨੇ ਸ਼ਾਮ ਦੇ 5 ਵਜੇ ਤੋਂ ਬਾਅਦ ਰਾਤ ਦੇ ਠਹਿਰਾ ਪ੍ਰੋਗਰਾਮ 'ਚ ਹਿੱਸਾ ਲੈਂਦਿਆਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ 'ਚੋਂ ਕੁਝ ਨੂੰ ਮੌਕੇ 'ਤੇ ਹੀ ਹੱਲ ਕਰਵਾ ਦਿੱਤਾ, ਜਦਕਿ ਬਾਕੀ ਸਮੱਸਿਆਵਾਂ ਨੂੰ ਜਲਦ ਹੱਲ ਕਰਨ ਲਈ ਸੰਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ | ਇਸ ਮੌਕੇ ਡੀ. ਸੀ. ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪ੍ਰਸ਼ਾਸਨ ਨੇ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪਿੰਡਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਅਤੇ ਲੋਕਾਂ ਵਲੋਂ ਉਠਾਏ ਜਾਣ ਵਾਲੇ ਮਸਲਿਆਂ ਨੂੰ ਮੌਕੇ 'ਤੇ ਹੀ ਹੱਲ ਕੀਤਾ ਜਾ ਰਿਹਾ ਹੈ, ਜਦਕਿ ਬਕਾਇਆ ਮਸਲਿਆਂ 'ਤੇ ਇਕ ਹਫ਼ਤੇ 'ਚ ਵਿਚਾਰ ਕਰਕੇ ਉਨ੍ਹਾਂ ਨੂੰ ਹੱਲ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਦਸਵੀਂ ਜਮਾਤ ਤੋਂ ਬਾਅਦ ਪੜ੍ਹਾਈ ਛੱਡਣ ਵਾਲੇ ਬੱਚਿਆਂ ਨੂੰ ਦੁਬਾਰਾ ਸਿੱਖਿਆ ਹਾਸਿਲ ਕਰਨ ਲਈ ਉਤਸ਼ਾਹਿਤ ਕਰਨ | ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਿੱਖਿਅਤ ਕਰਨ ਨਾਲ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਨੂੰ ਰੋਕਿਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਭਵਿੱਖ 'ਚ ਸਾਰੇ ਪੰਚਾਇਤ ਮੈਂਬਰਾਂ ਨੂੰ ਪਿੰਡ 'ਚ ਲੱਗਣ ਵਾਲੇ ਜਨਤਕ ਦਰਬਾਰ ਅਤੇ ਰਾਤ ਦੇ ਠਹਿਰਾ ਪ੍ਰੋਗਰਾਮ 'ਚ ਮੌਜੂਦ ਰਹਿਣਾ ਚਾਹੀਦਾ ਹੈ ਕਿਉਂਕਿ ਪੰਚਾਇਤ ਮੈਂਬਰਾਂ ਤੋਂ ਉਨ੍ਹਾਂ ਦੇ ਵਾਰਡਾਂ ਨਾਲ ਸੰਬੰਧਤ ਸਮੱਸਿਆਵਾਂ ਬਾਰੇ ਵੀ ਪੁੱਛਿਆ ਜਾ ਸਕਦਾ ਹੈ ਤਾਂ ਜੋ ਪੰਚਾਇਤ ਦੀ ਜਵਾਬਦੇਹੀ ਸਥਾਪਿਤ ਕੀਤੀ ਜਾ ਸਕੇ | ਉਨ੍ਹਾਂ ਪ੍ਰੋਗਰਾਮ 'ਚ ਮੌਜੂਦ ਲੋਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਸਹੁੰ ਵੀ ਚੁਕਾਈ | ਇਸੇ ਦੌਰਾਨ ਐਸ. ਪੀ. ਕਮਲਦੀਪ ਗੋਇਲ ਨੇ ਕਿਹਾ ਕਿ ਯਮੁਨਾਨਗਰ ਜ਼ਿਲ੍ਹਾ ਸ਼ਾਂਤ ਅਤੇ ਸੱਭਿਅਕ ਹੈ ਅਤੇ ਇਥੋਂ ਦੇ ਲੋਕ ਆਪਣੇ ਅਧਿਕਾਰਾਂ ਪ੍ਰਤੀ ਚੰਗੀ ਤਰ੍ਹਾਂ ਜਾਣੂ ਹਨ | ਉਨ੍ਹਾਂ ਕਿਹਾ ਕਿ ਸਮੇਂ ਦੇ ਨਾਲ ਸਮਾਜ ਬਦਲ ਗਿਆ ਹੈ, ਲਿਹਾਜ਼ਾ ਹੁਣ ਸਾਨੂੰ ਔਰਤਾਂ ਦੇ ਅਧਿਕਾਰਾਂ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ | ਉਨ੍ਹਾਂ ਔਰਤਾਂ ਨੂੰ ਸਿੱਖਿਅਤ ਕਰਨ 'ਤੇ ਵੀ ਜ਼ੋਰ ਦਿੱਤਾ | ਨਸ਼ਿਆਂ ਦੀ ਸਮੱਸਿਆ ਬਾਰੇ ਬੋਲਦਿਆਂ ਐਸ. ਪੀ. ਨੇ ਕਿਹਾ ਕਿ ਨਸ਼ਾ ਇਕ ਗੰਭੀਰ ਸਮੱਸਿਆ ਹੈ, ਜਿਸ ਨੂੰ ਕੇਵਲ ਸਮੂਹਿਕ ਯਤਨਾਂ ਰਾਹੀਂ ਖ਼ਤਮ ਕੀਤਾ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਵਿਆਸਪੁਰ ਅਤੇ ਸਢੌਰਾ ਇਲਾਕਿਆਂ 'ਚ ਕੁਝ ਬੱਚੇ ਅਪਰਾਧਿਕ ਗਤੀਵਿਧੀਆਂ 'ਚ ਸ਼ਾਮਿਲ ਪਾਏ ਗਏ ਹਨ | ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦੇਣ ਤਾਂ ਜੋ ਉਹ ਗ਼ਲਤ ਸੰਗਤ 'ਚ ਫਸ ਕੇ ਆਪਣਾ ਭਵਿੱਖ ਬਰਬਾਦ ਨਾ ਕਰ ਸਕਣ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਰਮੇਸ਼ ਠਸਕਾ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੁਲਿਸ ਨੂੰ ਨਸ਼ਿਆਂ ਦੀ ਕੁਰੀਤੀ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਵੀਨ ਆਹੂਜਾ, ਸੀ. ਈ. ਓ. ਜ਼ਿਲ੍ਹਾ ਪ੍ਰੀਸ਼ਦ ਸੁਸ਼ੀਲ ਕੁਮਾਰ, ਐਸ. ਡੀ. ਐਮ. ਵਿਆਸਪੁਰ ਜਸਪਾਲ ਸਿੰਘ ਗਿੱਲ, ਸੀ. ਟੀ. ਐਮ. ਪਿਊਸ਼ ਗੁਪਤਾ, ਜ਼ਿਲ੍ਹਾ ਪ੍ਰੀਸ਼ਦ ਦੇ ਡਿਪਟੀ ਸੀ. ਈ. ਓ. ਜਸਵਿੰਦਰ, ਟ੍ਰੇਨਿੰਗ ਅਧੀਨ ਆਈ. ਏ. ਐਸ. ਸੁਮਨ ਯਾਦਵ, ਡੀ. ਐਸ. ਪੀ. ਹਰਵਿੰਦਰ ਸਿੰਘ, ਮਾਰਕੀਟ ਕਮੇਟੀ ਸਢੌਰਾ ਦੇ ਚੇਅਰਮੈਨ ਨਵੀਨ ਭਸੀਨ, ਡੀ. ਡੀ. ਪੀ. ਓ. ਨਰਿੰਦਰ ਸਿੰਘ ਮਾਨ, ਡੀ. ਡੀ. ਆਰ. ਓ. ਕੁਮਾਰ, ਰੈੱਡ ਕਰਾਸ ਦੇ ਸਕੱਤਰ ਰਣਦੀਪ ਸਿੰਘ, ਜੀ. ਐਮ. ਰੋਡਵੇਜ਼ ਸੰਜੇ ਰਾਵਲ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੀਕਸ਼ਾ ਰੰਗਾ, ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮਲਤਾ, ਤਹਿਸੀਲਦਾਰ ਸਢੌਰਾ ਕੁਲਦੀਪ ਸਿੰਘ, ਬਿਜਲੀ ਵਿਭਾਗ ਤੋਂ ਐਕਸੀਅਨ ਜਸਮੀਤ, ਬੀ. ਡੀ. ਪੀ. ਓ. ਨੇਹਾ ਸ਼ਰਮਾ, ਮਾਰਕੀਟਿੰਗ ਬੋਰਡ ਤੋਂ ਡੀ. ਐਮ. ਈ. ਓ. ਈਸ਼ਵਰ ਸਿੰਘ ਤੇ ਸੀ. ਡੀ. ਪੀ. ਓ. ਕਿਰਨ ਬਾਲਾ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ |